ਬਿਨ ਪਰਮਿਟ ਵਾਹਨਾਂ ’ਤੇ ਸ਼ਿਕੰਜਾ
ਇੱਥੇ ਅੱਜ ਸਵੇਰੇ ਹਾਈਵੇਅ ’ਤੇ ਬਿਨਾਂ ਪਰਮਿਟ ਚੱਲ ਰਹੀਆਂ ਬੱਸਾਂ ਅਤੇ ਪ੍ਰਾਈਵੇਟ ਕੈਬਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਗਈ। ਮੁੱਖ ਮੰਤਰੀ ਦੇ ਫਲਾਇੰਗ ਸਕੁਐਡ ਅਤੇ ਖੇਤਰੀ ਟਰਾਂਸਪੋਰਟ ਅਥਾਰਟੀ (ਆਰ ਟੀ ਏ) ਵੱਲੋਂ ਕੀਤੀ ਗਈ ਸਾਂਝੀ ਕਾਰਵਾਈ ਦੌਰਾਨ ਤਿੰਨ ਬੱਸਾਂ ਅਤੇ ਇੱਕ ਕੈਬ ਨੂੰ ਜ਼ਬਤ ਕਰ ਲਿਆ ਗਿਆ ਅਤੇ ਉਨ੍ਹਾਂ ’ਤੇ ਕੁੱਲ 54,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਇਹ ਕਾਰਵਾਈ ਬਦਰਪੁਰ ਹੱਦ ਅਤੇ ਬੱਲਭਗੜ੍ਹ ਬੱਸ ਸਟੈਂਡ ਨੇੜੇ ਕੀਤੀ ਗਈ। ਫਲਾਇੰਗ ਸਕੁਐਡ ਦੇ ਡੀ ਐੱਸ ਪੀ ਸ਼ਕੀਰ ਹੁਸੈਨ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਾਈਵੇਅ ’ਤੇ ਵੱਡੀ ਗਿਣਤੀ ਵਿੱਚ ਬੱਸਾਂ ਅਤੇ ਕੈਬਾਂ ਬਿਨਾਂ ਪਰਮਿਟ ਦੇ ਚੱਲ ਰਹੀਆਂ ਹਨ, ਜੋ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਇਸ ਸੂਚਨਾ ਦੇ ਆਧਾਰ ’ਤੇ ਟੀਮਾਂ ਬਣਾ ਕੇ ਬਦਰਪੁਰ ਹੱਦ ਤੋਂ ਬੱਲਭਗੜ੍ਹ, ਮਥੁਰਾ, ਆਗਰਾ ਅਤੇ ਦਿੱਲੀ ਵੱਲ ਜਾਣ ਵਾਲੀਆਂ ਬੱਸਾਂ ਦੀ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਬੱਲਭਗੜ੍ਹ ਬੱਸ ਸਟੈਂਡ ਦੇ ਸਾਹਮਣੇ ਦੋ ਬੱਸਾਂ ਨੂੰ ਸਵਾਰੀਆਂ ਚੁੱਕਦੇ ਹੋਏ ਰੋਕਿਆ ਗਿਆ। ਜਦੋਂ ਕੰਡਕਟਰਾਂ ਤੋਂ ਪਰਮਿਟ ਮੰਗਿਆ ਗਿਆ ਤਾਂ ਉਹ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ, ਜਿਸ ’ਤੇ ਦੋਵਾਂ ਬੱਸਾਂ ’ਤੇ 21,000-21,000 ਰੁਪਏ ਦਾ ਜੁਰਮਾਨਾ ਕੀਤਾ ਗਿਆ। ਇੱਕ ਹੋਰ ਬੱਸ ਨੂੰ ਬੇਨਿਯਮੀਆਂ ਲਈ 1,500 ਰੁਪਏ ਅਤੇ ਇੱਕ ਕੈਬ ਨੂੰ ਬਿਨਾਂ ਪਰਮਿਟ ਯਾਤਰੀਆਂ ਨੂੰ ਲਿਜਾਂਦੇ ਫੜੇ ਜਾਣ ’ਤੇ 11,000 ਰੁਪਏ ਦਾ ਜੁਰਮਾਨਾ ਕੀਤਾ ਗਿਆ। ਕੁੱਲ ਮਿਲਾ ਕੇ 54,000 ਰੁਪਏ ਤੋਂ ਵੱਧ ਦਾ ਜੁਰਮਾਨਾ ਵਸੂਲਿਆ ਗਿਆ ਅਤੇ ਇਨ੍ਹਾਂ ਸਾਰੇ ਵਾਹਨਾਂ ਨੂੰ ਜ਼ਬਤ ਕਰਕੇ ਬੱਲਭਗੜ੍ਹ ਬੱਸ ਸਟੈਂਡ ਕੰਪਲੈਕਸ ਵਿੱਚ ਖੜ੍ਹਾ ਕਰ ਦਿੱਤਾ ਗਿਆ। ਇਸ ਉਦਯੋਗਿਕ ਸ਼ਹਿਰ ਵਿੱਚ ਵੱਖ-ਵੱਖ ਅਹਿਮ ਚੌਕਾਂ ਅਤੇ ਬੱਸ ਅੱਡਿਆਂ ਦੇ ਇੱਕ ਕਿਲੋਮੀਟਰ ਦੇ ਦਾਇਰੇ ਵਿੱਚ ਗੈਰ-ਕਾਨੂੰਨੀ ਢੰਗ ਨਾਲ ਕੈਬ ਚਾਲਕ ਸਵਾਰੀਆਂ ਬਿਠਾਉਂਦੇ ਹਨ। ਇਸ ਨਾਲ ਸਰਕਾਰੀ ਆਮਦਨ ਨੂੰ ਨੁਕਸਾਨ ਹੁੰਦਾ ਹੈ।
