ਬੱਚੇ ਦੀ ਤਸਕਰੀ ਕਰਨ ਵਾਲਾ ਜੋੜਾ ਗ੍ਰਿਫ਼ਤਾਰ
ਸਿਰਸਾ ਸੀਆਈਏ ਥਾਣਾ ਪੁਲੀਸ ਨੇ ਇੱਕ ਬੱਚੇ ਦੀ ਤਸਕਰੀ ਕਰਨ ਵਾਲੇ ਗਿਰੋਹ ਵਿੱਚ ਸ਼ਾਮਲ ਇੱਕ ਜੋੜੇ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਜੋੜਾ ਕਥਿਤ ਤੌਰ ’ਤੇ ਪੰਜਾਬ ਦੇ ਖੰਨਾ ਤੋਂ ਅਗਵਾ ਕਰਕੇ ਕਿਤੇ ਵੇਚਣ ਲਈ ਜਾ ਰਹੇ ਸਨ।
ਇਸ ਸਬੰਧੀ ਡੀਐਸਪੀ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੰਜਾਬ ਪੁਲੀਸ ਤੋਂ ਸੂਚਨਾ ਮਿਲੀ ਸੀ ਕਿ ਇੱਕ ਬੱਚੇ ਨੂੰ ਅਗਵਾ ਕਰਕੇ ਕੁਝ ਲੋਕ ਸਿਰਸਾ ਵੱਲ ਆ ਰਹੇ ਹਨ, ਜਿਸ ਮਗਰੋਂ ਪੁਲੀਸ ਨੇ ਪੰਜਾਬ ਵੱਲੋਂ ਆਉਣ ਵਾਲੇ ਵਾਹਨਾਂ ਦੀ ਜਾਂਚ ਸ਼ੁਰੂ ਕੀਤੀ ਤਾਂ ਇੱਕ ਬੱਸ ’ਚ ਇੱਕ ਜੋੜਾ ਬੱਚੇ ਸਮੇਤ ਮਿਲਿਆ। ਜਦੋਂ ਜੋੜੇ ਨੂੰ ਬੱਚੇ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਉੱਤਰ ਨਾ ਦੇ ਸਕਿਆ, ਜਿਸ ਤੋਂ ਬਾਅਦ ਉਸ ਜੋੜੇ ਨੂੰ ਕਾਬੂ ਕਰ ਲਿਆ ਗਿਆ।
ਇਸ ਦੀ ਸੂਚਨਾ ਪੰਜਾਬ ਪੁਲੀਸ ਨੂੰ ਦਿੱਤੀ ਗਈ। ਡੀਐਸਪੀ ਨੇ ਦੱਸਿਆ ਕਿ ਮੁੱਢਲੀ ਪੁੱਛਗਿਛ ਵਿੱਚ ਜੋੜੇ ਨੇ ਦੱਸਿਆ ਹੈ ਕਿ ਇਹ ਜੋੜਾ ਬੱਚੇ ਨੂੰ ਅਗਵਾਕਾਰਾਂ ਤੋਂ ਖਰੀਦ ਕੇ ਲੈ ਆਇਆ ਤੇ ਇਸ ਨੂੰ ਅੱਗੇ ਵੇਚਣ ਲਈ ਜਾ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਪੰਜਾਬ ਪੁਲੀਸ ਕਰ ਰਹੀ ਹੈ ਇਸ ਲਈ ਜੋੜੇ ਨੂੰ ਪੰਜਾਬ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ।ਉਨ੍ਹਾਂ ਨੇ ਦੱਸਿਆ ਕਿ ਪੰਜਾਬ ਪੁਲੀਸ ਨਾਲ ਬੱਚੇ ਦਾ ਪਰਿਵਾਰ ਸਿਰਸਾ ਪਹੁੰਚਿਆ ਅਤੇ ਇਸ ਬੱਚੇ ਨੂੰ ਉਸ ਦੇ ਮਾਪਿਆਂ ਨੂੰ ਸੌਂਪ ਦਿੱਤਾ ਗਿਆ। ਗ੍ਰਿਫ਼ਤਾਰ ਜੋੜੇ ਨੂੰ ਵੀ ਪੰਜਾਬ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਅੱਗੇ ਦੀ ਜਾਂਚ ਜਾਰੀ ਹੈ।