ਵੋਟ ਚੋਰੀ ਮਸਲੇ ਨੂੰ ਕਾਂਗਰਸ ਅੱਗੇ ਲੈ ਕੇ ਜਾਵੇਗੀ: ਮੁਲਾਣਾ
ਇੱਥੇ ਅੱਜ ਲੋਕ ਸਭਾ ਮੈਂਬਰ ਵਰੁਣ ਮੁਲਾਣਾ ਪੀਡਬਲਿਊਡੀ ਰੈਸਟ ਹਾਊਸ ਪੁੱਜੇ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਮਹਿਤਾ, ਦੁਸ਼ਯੰਤ ਚੌਹਾਨ ਦਿਹਾਤੀ ਜ਼ਿਲ੍ਹਾ ਪ੍ਰਧਾਨ ਕਾਂਗਰਸ ਆਦਿ ਨੇ ਵਰਕਰਾਂ ਸਣੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਕਾਂਗਰਸੀ ਆਗੂ ਵਰੁਣ ਮੁਲਾਣਾ ਨੇ ਕਿਹਾ ਕਿ ਉਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਨਰਾਇਣਗੜ੍ਹ ਖੇਤਰ ਵਿੱਚ ਨਹੀਂ ਆਉਂਦੇ ਪਰ ਅਜਿਹਾ ਨਹੀਂ ਹੈ। ਉਹ ਆਪਣੇ ਲੋਕ ਸਭਾ ਹਲਕਾ ਅੰਬਾਲਾ ਵਿੱਚ ਹਰ ਥਾਂ ਜਾਂਦੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਵੋਟ ਚੋਰੀ ਦਾ ਮੁੱਦਾ ਉਠਾਇਆ ਗਿਆ ਹੈ। ਇਹ ਭਾਜਪਾ ਦੀ ਕਮਜ਼ੋਰੀ ਹੈ। ਕਾਂਗਰਸ ਨੇ ਬਲਾਕ ਪੱਧਰ ਅਤੇ ਜ਼ਿਲ੍ਹਾ ਪੱਧਰ ’ਤੇ ਵੀ ਇਸ ਮੁੱਦੇ ਨੂੰ ਉਠਾਇਆ ਹੈ। ਕਾਂਗਰਸ ਇਸ ਨੂੰ ਅੱਗੇ ਵਧਾਏਗੀ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਲੋਕ ਭਾਜਪਾ ਦੇ ਵਿਰੁੱਧ ਸਨ, ਫਿਰ ਵੀ ਇੱਥੇ ਭਾਜਪਾ ਦੀ ਸਰਕਾਰ ਕਿਵੇਂ ਬਣੀ। ਉਨ੍ਹਾਂ ਨੇ ਨਰਾਇਣਗੜ੍ਹ ਨੂੰ ਜ਼ਿਲ੍ਹਾ ਬਣਾਉਣ ਅਤੇ ਇੱਥੋਂ ਰੇਲਵੇ ਲਾਈਨ ਵਿਛਾਉਣ ਲਈ ਪੱਤਰ ਲਿਖੇ, ਮਤੇ ਪਾਸ ਕੀਤੇ ਪਰ ਇਨ੍ਹਾਂ ਮੰਗਾਂ ਪ੍ਰਤੀ ਸਰਕਾਰ ਦਾ ਜਵਾਬ ਢਿੱਲਾ ਰਿਹਾ ਹੈ। ਲੋਕਾਂ ਨੂੰ ਪੈਨਸ਼ਨ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 2007 ਤੋਂ ਬਾਅਦ ਪੈਨਸ਼ਨ ਵਿੱਚ ਸੋਧ ਨਹੀਂ ਕੀਤੀ ਗਈ। ਹਰਿਆਣਾ ਵਿੱਚ 25 ਲੱਖ ਤੋਂ ਵੱਧ ਕਾਮੇ ਲੇਬਰ ਪੋਰਟਲ ‘ਤੇ ਰਜਿਸਟਰਡ ਹਨ ਪਰ ਉਨ੍ਹਾਂ ਨੂੰ ਲਗਪਗ ਕੋਈ ਮੁਆਵਜ਼ਾ ਨਹੀਂ ਮਿਲਦਾ। ਇਸ ਮੌਕੇ ਉਨ੍ਹਾਂ ਕਿਹਾ ਕਿ ਐੱਮਪੀ ਫੰਡ ਵਿੱਚ ਵਿਕਾਸ ਕਾਰਜਾਂ ਲਈ ਸਿਰਫ਼ 5 ਕਰੋੜ ਰੁਪਏ ਆਉਂਦੇ ਹਨ ਜੋ ਲੋਕ ਸਭਾ ਦੇ 9 ਵਿਧਾਨ ਸਭਾ ਹਲਕਿਆਂ ਲਈ ਕਾਫ਼ੀ ਨਹੀਂ ਹਨ। ਇਸ ਮੌਕੇ ਬਰਖਾਰਾਮ ਧੀਮਾਨ, ਮਾਸਟਰ ਓਮ ਪ੍ਰਕਾਸ਼ ਪਾਲ, ਵੇਦ ਪ੍ਰਕਾਸ਼ ਖੁਰਾਣਾ, ਮਾਸਟਰ ਰਿਸ਼ੀਪਾਲ ਗੁਪਤਾ, ਕੁਸੁਮ ਲਤਾ ਭਾਰਦਵਾਜ, ਦਿਲਦਾਰ ਸਿੰਘ, ਸਤੀਸ਼ ਸੈਣੀ ਹਾਜ਼ਰ ਸਨ।