ਮਹਿੰਗਾਈ ਤੇ ਬੇਰੁਜ਼ਗਾਰੀ ਖ਼ਿਲਾਫ਼ ਕਾਂਗਰਸ ਵੱਲੋਂ ਪ੍ਰਦਰਸ਼ਨ
ਅੱਜ ਇੱਥੇ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਕਾਨੂੰਨ ਵਿਵਸਥਾ ਵਰਗੇ ਮੁੱਦਿਆਂ ’ਤੇ ਕਾਂਗਰਸ ਪਾਰਟੀ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੀ ਅਗਵਾਈ ਕਰਨ ਲਈ ਯਮੁਨਾਨਗਰ ਪਹੁੰਚੇ ਅੰਬਾਲਾ ਦੇ ਸੰਸਦ ਮੈਂਬਰ ਵਰੁਣ ਮੁਲਾਣਾ ਨੇ ਕਿਹਾ ਕਿ ਸੂਬਾ ਹਰਿਆਣਾ ਜੋ ਕਾਨੂੰਨ ਵਿਵਸਥਾ ਵਿੱਚ ਦੇਸ਼ ਦਾ ਸਭ ਤੋਂ ਮੋਹਰੀ ਸੂਬਾ ਸੀ ਅੱਜ ਇੱਥੇ ਕਾਨੂੰਨ ਵਿਵਸਥਾ ਢਹਿ ਢੇਰੀ ਹੋ ਗਈ ਹੈ। ਹਰ ਰੋਜ਼ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਅਤੇ ਕਤਲ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਐਨਾ ਹੀ ਨਹੀਂ ਕਾਰੋਬਾਰੀਆਂ ’ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ, ਜਿਸ ਕਾਰਨ ਲੋਕਾਂ ਵਿੱਚ ਸਹਿਮ ਹੈ। ਲੋਕਾਂ ਦੀ ਫਰਿਆਦ ਸੁਣਨ ਵਾਲਾ ਕੋਈ ਨਹੀਂ ਹੈ। ਮੁੱਖ ਮੰਤਰੀ ਆਪਣੀ ਲੋਕਪ੍ਰਿਅਤਾ ਦਿਖਾਉਣ ਲਈ ਸਮਾਗਮ ਕਰਦੇ ਰਹਿੰਦੇ ਹਨ, ਜਿਨ੍ਹਾਂ ਨਾਲ ਮਸਲੇ ਹੱਲ ਨਹੀਂ ਹੋਣੇ। ਮੀਡੀਆ ਨਾਲ ਗੱਲਬਾਤ ਕਰਦਿਆਂ ਵਰੁਣ ਮੁਲਾਣਾ ਨੇ ਕਿਹਾ ਕਿ ਹਰਿਆਣਾ ਵਿੱਚ ਹਜ਼ਾਰਾਂ ਬੀਪੀਐੱਲ ਕਾਰਡ ਕੱਟੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪਹਿਲਾਂ ਇਹ ਜਵਾਬ ਦੇਵੇ ਕਿ ਵੱਡੀ ਗਿਣਤੀ ਵਿੱਚ ਕਾਰਡ ਕਿਉਂ ਬਣਾਏ ਗਏ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਜਲਦੀ ਹੀ ਕਾਂਗਰਸ ਪਾਰਟੀ ਦਾ ਮਜ਼ਬੂਤ ਸੰਗਠਨ ਬਣਾਇਆ ਜਾਵੇਗਾ, ਵੱਡੀ ਗਿਣਤੀ ਵਿੱਚ ਲੋਕਾਂ ਨੇ ਅਰਜ਼ੀਆਂ ਦਿੱਤੀਆਂ ਹਨ , ਇਹ ਨਾਮ ਹਾਈ ਕਮਾਂਡ ਨੂੰ ਭੇਜੇ ਗਏ ਹਨ। ਜਲਦੀ ਹੀ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਮੌਜੂਦਾ ਸਰਕਾਰ ਦੀਆਂ ਅਸਫਲਤਾਵਾਂ ਦਾ ਲੋਕ ਸਭਾ ਅਤੇ ਵਿਧਾਨ ਸਭਾ ਵਿੱਚ ਵਿਰੋਧ ਕਰੇਗੀ । ਇਸ ਦੌਰਾਨ ਪਾਰਟੀ ਵੱਲੋਂ ਇੱਕ ਮੰਗ ਪੱਤਰ ਵਧੀਕ ਡੀਸੀ ਨੂੰ ਦਿੱਤਾ ਗਿਆ ।