ਭਾਰਤੀ ਜਨਤਾ ਪਾਰਟੀ ਦੀ ਬੀ-ਟੀਮ ਹੈ ਕਾਂਗਰਸ: ਅਭੈ ਚੌਟਾਲਾ
ਇੱਥੋਂ ਦੇ ਹੁਸੈਨੀ ਸਥਿਤ ਜਾਟ ਧਰਮਸ਼ਾਲਾ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ ਦੇ ਸਮਾਗਮ ਦੌਰਾਨ ਇਨੈਲੋ ਦੇ ਕੌਮੀ ਪ੍ਰਧਾਨ ਅਭੈ ਸਿੰਘ ਚੌਟਾਲਾ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਚੌਧਰੀ ਦੇਵੀ ਲਾਲ ਦੀ 112ਵੀਂ ਜੈਅੰਤੀ ’ਤੇ 25 ਸਤੰਬਰ ਨੂੰ ਰੋਹਤਕ ਵਿੱਚ ਹੋਣ ਵਾਲੇ ਸਨਮਾਨ ਦਿਵਸ ਲਈ ਵਰਕਰਾਂ ਨੂੰ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਸੂਬ ਦੇ ਭਾਜਪਾ ਸਰਕਾਰ ਅਤੇ ਕਾਂਗਰਸ ’ਤੇ ਨਿਸ਼ਾਨੇ ਸੇਧੇ। ਚੌਟਾਲਾ ਨੇ ਨਰਾਇਣਗੜ੍ਹ ਦੀ ਕਾਂਗਰਸ ਵਿਧਾਇਕ ਸ਼ੈਲੀ ਚੌਧਰੀ ’ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਨੇ ਹਲਕੇ ਦੀ ਆਵਾਜ਼ ਬੁਲੰਦ ਕਰਨ ਲਈ ਚੁਣਿਆ ਸੀ, ਪਰ ਉਹ ਨਰਾਇਣਗੜ੍ਹ ਵਿੱਚ ਹੋਈ ਭਾਜਪਾ ਰੈਲੀ ਵਿੱਚ ਮੁੱਖ ਮੰਤਰੀ ਨਾਇਬ ਸੈਣੀ ਦੇ ਮੰਚ ‘ਤੇ ਹੀ ਜਾ ਕੇ ਬੈਠ ਗਈ। ਉਨ੍ਹਾਂ ਨੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਉਨ੍ਹਾਂ ਦੇ ਪੁੱਤਰ ਦੀਪੇਂਦਰ ਹੁੱਡਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਪਿਤਾ-ਪੁੱਤਰ ਦੋਵਾਂ ਨੇ ਆਪਣੇ ਲਾਭ ਲਈ ਭਾਜਪਾ ਨੂੰ ਫਾਇਦਾ ਪਹੁੰਚਾਉਣ ਲਈ ਕੰਮ ਕੀਤਾ ਹੈ। ਅਭੈ ਸਿੰਘ ਚੌਟਾਲਾ ਨੇ ਕਾਂਗਰਸ ’ਤੇ ਭਾਜਪਾ ਦੀ ਅਸਲ ਬੀ ਟੀਮ ਹੋਣ ਦਾ ਦੋਸ਼ ਲਗਾਇਆ ਅਤੇ ਭੂਪਿੰਦਰ ਸਿੰਘ ਹੁੱਡਾ ਅਤੇ ਉਨ੍ਹਾਂ ਦੇ ਪੁੱਤਰ ’ਤੇ ਸੂਬੇ ਵਿੱਚ ਤੀਜੀ ਵਾਰ ਭਾਜਪਾ ਸਰਕਾਰ ਬਣਾਉਣ ਦਾ ਦੋਸ਼ ਲਾਇਆ। ਚੌਟਾਲਾ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਲਾਗੂ ਕਰਨ ਦੀ ਬਜਾਏ, ਭਾਜਪਾ ਨੇ ਇੱਕ ਤੋਂ ਬਾਅਦ ਇੱਕ ਘੁਟਾਲੇ ਕੀਤੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਵਿਗੜ ਗਈ ਹੈ। ਉਨ੍ਹਾਂ ਨਰਾਇਣਗੜ੍ਹ ਵਿੱਚ ਰਸਾਇਣਕ ਖਾਦਾਂ ਦਾ ਮੁੱਦਾ ਉਠਾਇਆ ਅਤੇ ਅਸਿੱਧੇ ਤੌਰ ‘ਤੇ ਮੁੱਖ ਮੰਤਰੀ ਦੇ ਪਰਿਵਾਰ ‘ਤੇ ਨਿਸ਼ਾਨਾ ਸਾਧਿਆ। ਸ੍ਰੀ ਚੌਟਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 25 ਸਤੰਬਰ ਨੂੰ ਰੋਹਤਕ ਵਿੱਚ ਤਾਊ ਦੇਵੀ ਲਾਲ ਦੇ ਜਨਮ ਦਿਨ ’ਤੇ ਹੋਣ ਵਾਲੀ ਸਨਮਾਨ ਦਿਵਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੈਣ। ਇਸ ਮੌਕੇ ਸੂਬਾ ਪ੍ਰਧਾਨ ਰਾਮ ਪਾਲ ਮਾਜਰਾ, ਰਾਸ਼ਟਰੀ ਜਨਰਲ ਸਕੱਤਰ ਪ੍ਰਕਾਸ਼ ਭਾਰਤੀ, ਜ਼ਿਲ੍ਹਾ ਪ੍ਰਧਾਨ ਜਗਮਲ ਰੋਲੋ ਨੇ ਵੀ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸ਼ੀਸ਼ ਪਾਲ ਜੰਧੇੜੀ, ਜ਼ਿਲ੍ਹਾ ਪ੍ਰਧਾਨ ਜਗਮਲ ਸਿੰਘ ਰੋਲੋ, ਬਲਾਕ ਪ੍ਰਧਾਨ ਲੱਕੀ ਨਾਗੋਲੀ, ਤੇਜਪਾਲ ਸ਼ਰਮਾ, ਰਜਨੀ ਸਾਹਨੀ, ਅਕਰਮ ਖਾਨ, ਗੋਲਡੀ ਮਾਨ ਸ਼ਾਮਲ ਸਨ।