ਸ਼ਿਕਾਇਤਾਂ ਦਾ ਹਫ਼ਤੇ ’ਚ ਕਰਨਾ ਹੋਵੇਗਾ ਨਿਬੇੜਾ: ਡੀ.ਸੀ.
ਲੋਕਾਂ ਦੀਆਂ ਲਟਕੀਆਂ ਹੋਈਆਂ ਸਿਕਾਇਤਾਂ ਦਾ ਨਿਬੇੜਾ ਸਾਰੇ ਵਿਭਾਗਾਂ ਨੂੰ ਇੱਕ ਹੀ ਹਫਤੇ ਵਿੱਚ ਕਰਨਾ ਹੋਵੇਗਾ। ਡੀ.ਸੀ. ਮਹੁੰਮਦ ਇਮਰਾਨ ਰਜ਼ਾ ਨੇ ਇਹ ਹਦਾਇਤਾਂ ਇੱਥੇ ਲਘੁ-ਸਕੱਤਰੇਤ ਵਿੱਚ ਸਾਰੇ ਵਿਭਾਗਾਂ ਦੀ ਸੀ.ਐੱਮ. ਵਿੰਡੋ ਉੱਤੇ ਲੰਬਿਤ ਪਈਆਂ ਸਿਕਾਇਤਾਂ ਦੀ ਸਮੀਖਿਆ ਕਰਦੇ ਹੋਏ ਦਿੱਤੀਆਂ। ਇੱਥੇ ਉਨ੍ਹਾਂ ਇਕ ਸਮਾਧਾਨ ਕੈਂਪ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ।
ਇਸ ਦੌਰਾਨ ਅਧੂਰੀਆਂ ਪਈਆਂ ਸ਼ਿਕਾਇਤਾਂ ਵਿਖਾ ਰਹੇ ਵਿਭਾਗਾਂ ਤੋਂ ਇਸ ਦਾ ਕਾਰਨ ਪੁੱਛਿਆ ਅਤੇ ਸਪੱਸ਼ਟ ਹਦਾਇਤਾਂ ਕੀਤੀਆਂ ਕਿ ਹਰ ਵਿਭਾਗ ਇੱਕ ਹਫ਼ਤੇ ਦੇ ਅੰਦਰ-ਅੰਦਰ ਸੀ.ਐੱਮ ਵਿੰਡੋ ਉੱਤੇ ਆਈਆਂ ਸਾਰੀਆਂ ਸ਼ਿਕਾਇਤਾਂ ਦਾ ਨਿਬੇੜਾ ਕਰ ਲਵੇ, ਕਿਉਂਕਿ ਜਲਦੀ ਹੀ ਮੁੱਖ ਮੰਤਰੀ ਖੁਦ ਸੀ.ਐੱਮ. ਵਿੰਡੋ ਉੱਤੇ ਆਈਆਂ ਸਿਕਾਇਤਾਂ ਦੀ ਅਧੂਰੀਆਂ ਪਈਆਂ ਸ਼ਿਕਾਇਤਾਂ ਦੀ ਸਮੀਖਿਆ ਕਰਨਗੇ ਅਤੇ ਪੈਂਡਿੰਗ ਰਹਿਣ ਵਾਲੀਆਂ ਸਿਕਾਇਤਾਂ ਬਾਰੇ ਸਬੰਧਿਤ ਵਿਭਾਗ ਦੀ ਜੁਆਬਦੇਹੀ ਹੋਵੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹੋਰ ਹਦਾਇਤਾਂ ਕਰਦੇ ਹੋਏ ਕਿਹਾ ਕਿ ਹਰ ਅਧਿਕਾਰੀ ਜੀਂਦ ਜ਼ਿਲ੍ਹੇ ਨੂੰ ਟਾੱਪ-3 ਦੀ ਸ਼੍ਰੇਣੀ ਵਿੱਚ ਲਿਆਉਣ ਦਾ ਯਤਨ ਕਰਨ ਅਤੇ ਸਾਰੀਆਂ ਸ਼ਿਕਾਇਤਾਂ ਦਾ ਪਾਰਦਰਸ਼ੀ ਤਰੀਕੇ ਨਾਲ ਨਿਪਟਾਰਾ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਦੇ ਸਾਹਮਣੇ ਨੌ ਸ਼ਿਕਾਇਤਾਂ ਰੱਖੀਆਂ ਗਈਆਂ, ਜਿਨ੍ਹਾਂ ਨੂੰ ਲੈਕੇ ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਪਹਿਲ ਦੇ ਅਧਾਰ ’ਤੇ ਨਿਬੇੜਨ ਦੇ ਆਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਨਾਲ ਏ.ਡੀ.ਸੀ. ਵਿਵੇਕ ਆਰੀਆ, ਐੱਸ.ਡੀ.ਐੱਮ. ਸਤਿਆਵਾਲ ਸਿੰਘ ਮਾਨ, ਜੁਲਾਨਾ ਦੇ ਐੱਸ.ਡੀ.ਐੱਮ. ਹੁਸ਼ਿਆਰ ਸਿੰਘ, ਸਿਟੀ ਐੱਮ ਮੌਨਿਕਾ ਰਾਣੀ, ਨਾਇਬ ਤਹਿਸੀਲਦਾਰ ਪ੍ਰਦੀਪ ਕੁਮਾਰ ਅਤੇ ਕਾਨੂੰਨਗੋ ਨਰੇਸ਼ ਕੁਮਾਰ ਅਤੇ ਦੀਪਾਂਸ਼ੁ ਹਾਜ਼ਰ ਸਨ।