ਹਰਿਆਣਾ ’ਚੋਂ ਅੱਵਲ ਆਉਣ ’ਤੇ ਕੋਚ ਕਰਨਦੇਵ ਦਾ ਸਨਮਾਨ
ਮਹਾਂਵੀਰ ਮਿੱਤਲ
ਹਰਿਆਣਾ ਸਰਕਾਰ ਵੱਲੋਂ ਕਰਵਾਈ ਯੋਗ-ਆਸਣ ਪ੍ਰਤੀਯੋਗਤਾ ਵਿੱਚ ਡੀਏਵੀ ਪਬਲਿਕ ਸਕੂਲ ਜੀਂਦ ਦੇ ਯੋਗ ਕੋਚ ਕਰਨਦੇਵ ਨੇ ਹਰਿਆਣਾ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਹਰਿਆਣਾ ਯੋਗ ਆਸਣ ਖੇਡ ਐਸੋਸੀਏਸ਼ਨ ਦੇ ਪ੍ਰਧਾਨ ਡਾ. ਧਰਮਦੇਵ ਵਿਦਿਆਰਥੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਖੇਡ ਯੋਗ ਪ੍ਰਤੀਯੋਗਤਾਵਾਂ ਸੁਚਾਰੂ ਰੂਪ ਨਾਲ ਚਲਾਉਣ ਲਈ ਜੀਂਦ ਜ਼ਿਲ੍ਹੇ ਦੇ ਸੰਗਠਨ ਦਾ ਮੁੜ ਗਠਨ ਕੀਤਾ ਜਾਵੇਗਾ। ਜ਼ਿਲ੍ਹਾ ਸੰਗਠਨ ਦੇ ਮੈਂਬਰ ਬਣਾਉਣ ਲਈ ਮੈਂਬਰਸ਼ਿੱਪ ਖੋਲ੍ਹੀ ਗਈ ਹੈ। ਇਸ ਲਈ ਕੋਈ ਵੀ ਇੱਛੁਕ ਵਿਅਕਤੀ ਡੀਏਵੀ ਪਬਲਿਕ ਸਕੂਲ ਜੀਂਦ ਵਿੱਚ ਕਰਮਦੇਵ ਤੋਂ ਫਾਰਮ ਪ੍ਰਾਪਤ ਕਰਕੇ ਮੈਂਬਰਸ਼ਿਪ ਲੈ ਸਕਦਾ ਹੈ। ਇਨ੍ਹਾਂ ਸਾਰੇ ਮੈਂਬਰਾਂ ਦੀ ਬੈਠਕ 20 ਜੁਲਾਈ ਨੂੰ ਡੀਏਵੀ ਸਕੂਲ ਵਿੱਚ ਹੋਵੇਗੀ। ਇਸ ਮੀਟਿੰਗ ਵਿੱਚ ਜ਼ਿਲ੍ਹਾ ਪੱਧਰੀ ਯੋਗ ਆਸਣ ਕਮੇਟੀ ਦਾ ਗਠਨ ਕੀਤਾ ਜਾਵੇਗਾ ਅਤੇ ਨਾਲ ਹੀ ਜ਼ਿਲ੍ਹਾ ਪੱਧਰ ’ਤੇ ਕਰਵਾਈ ਜਾਣ ਵਾਲੀ ਪ੍ਰਤੀਯੋਗਤਾ ਲਈ ਤਕਨੀਕੀ ਸਮਿਤੀ ਦਾ ਵੀ ਗਠਨ ਕੀਤਾ ਜਾਵੇਗਾ।
ਪੰਚਕੂਲਾ ਵਿੱਚ ਹਰਿਆਣਾ ਯੋਗ ਕਮਿਸ਼ਨ ਦੇ ਚੇਅਰਮੈਨ ਡਾ. ਜਗਦੀਪ ਆਰੀਆ ਦੀ ਪ੍ਰਧਾਨਗੀ ਹੇਠ ਸਟੇਟ ਵਿੱਚ ਯੋਗ ਖੇਡ ਪ੍ਰਤੀਯਗਤਾਵਾਂ ਕਰਵਾਉਣ ਲਈ ਅਨੇਕਾਂ ਹੀ ਫੈਸਲੇ ਲਏ ਗਏ ਹਨ ਅਤੇ ਤਕਨੀਕੀ ਅਧਾਰ ’ਤੇ ਵੀ ਕਾਫ਼ੀ ਬਦਲਾਅ ਕੀਤੇ ਗਏ ਹਨ। ਇਸੇ ਤਹਿਤ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਯੋਗ ਆਸਣ ਖੇਡ ਸਮਿਤੀਆਂ ਦੇ ਗਠਨ ਦਾ ਵੀ ਫੈਸਲਾ ਲਿਆ ਗਿਆ ਹੈ। ਇਨ੍ਹਾਂ ਸਮਿਤੀਆਂ ਦੀ ਦੇਖ-ਰੇਖ ਵਿੱਚ ਜ਼ਿਲ੍ਹਾ ਬਲਾਕ ਅਤੇ ਯੂਨੀਵਰਸਿਟੀਆਂ ਪੱਧਰ ਉੱਤੇ ਯੋਗ ਆਸਣ ਪ੍ਰਤੀਯੋਗਤਾਵਾਂ ਕਰਵਾਈ ਜਾਣਗੀਆਂ। ਇਸ ਮੌਕੇ ਸੂਬਾਈ ਯੋਗ ਆਸਣ ਪ੍ਰਤੀਯੋਗਤਾ ਵਿੱਚ ਅੱਵਲ ਆਉਣ ਵਾਲੇ ਕੋਚ ਕਰਨਦੇਵ ਨੂੰ ਡਾ. ਵਿਦਿਆਰਥੀ ਨੇ ਸਨਮਾਨਿਤ ਵੀ ਕੀਤਾ।