ਨੀਲਮ ਫਲਾਈਓਵਰ ਹੇਠ ਸਫ਼ਾਈ ਮੁਹਿੰਮ
ਨੀਲਮ ਫਲਾਈਓਵਰ ਦੇ ਹੇਠਾਂ ਝੁੱਗੀਆਂ-ਝੌਂਪੜੀਆਂ ਵਿੱਚ ਰਹਿ ਰਹੇ ਪਰਿਵਾਰਾਂ ਲਈ ਸਿੱਖਿਆ ਦਾ ਚਾਨਣ ਮੁਨਾਰਾ ਬਣੀ ਇੱਕ ਸਮਾਜ ਸੇਵੀ ਸੰਸਥਾ ਨੇ ਅੱਜ ਉੱਥੋਂ ਦੇ ਵਸਨੀਕਾਂ ਨਾਲ ਮਿਲ ਕੇ ਇੱਕ ਵਿਸ਼ੇਸ਼ ਸਫਾਈ ਮੁਹਿੰਮ ਚਲਾਈ। ਇਹ ਕਦਮ ਇੱਕ ਸਾਫ਼-ਸੁਥਰੇ ਅਤੇ ਜਾਗਰੂਕ ਭਾਈਚਾਰੇ ਦੀ ਸਿਰਜਣਾ ਵੱਲ ਇੱਕ ਪ੍ਰੇਰਨਾਦਾਇਕ ਸ਼ੁਰੂਆਤ ਹੈ। ਵਿਕਟੋਰੀਆ ਲਾਈਫ ਫਾਊਂਡੇਸ਼ਨ, ਜੋ ਕਿ ਨੀਲਮ ਫਲਾਈਓਵਰ ਹੇਠ ਹਾਰਡਵੇਅਰ ਰੋਡ ਨੇੜੇ ਝੁੱਗੀ-ਝੌਂਪੜੀ ਵਾਲੇ ਇਲਾਕੇ ਵਿੱਚ ਗਰੀਬ ਬੱਚਿਆਂ ਲਈ ਇੱਕ ਆਰਜ਼ੀ ਸਕੂਲ ਚਲਾ ਰਹੀ ਹੈ, ਨੇ ਇੱਕ ਹੋਰ ਸਵੈ-ਸੇਵੀ ਸੰਸਥਾ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ। ਇਸ ਫਾਊਂਡੇਸ਼ਨ ਵੱਲੋਂ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਦੇ ਨਾਲ-ਨਾਲ ਹੋਰ ਲੋੜੀਂਦੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਫਾਊਂਡੇਸ਼ਨ ਦੇ ਆਗੂ ਐੱਸ.ਐੱਸ. ਬਾਂਗਾ ਨੇ ਇਸ ਮੌਕੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਦੇਖ ਕੇ ਬਹੁਤ ਚੰਗਾ ਲੱਗਿਆ ਕਿ ਇੱਥੋਂ ਦੀਆਂ ਔਰਤਾਂ ਅਤੇ ਬੱਚੇ ਨਾ ਸਿਰਫ਼ ਪੜ੍ਹਾਈ ਪ੍ਰਤੀ ਉਤਸ਼ਾਹਿਤ ਹਨ, ਸਗੋਂ ਉਹ ਸਫ਼ਾਈ ਮੁਹਿੰਮ ਵਿੱਚ ਵੀ ਪੂਰੇ ਜੋਸ਼ ਨਾਲ ਹਿੱਸਾ ਲੈਣਾ ਚਾਹੁੰਦੇ ਹਨ। ਝੁੱਗੀ ਵਾਸੀਆਂ ਨੇ ਖੁਦ ਅੱਗੇ ਆ ਕੇ ਕਿਹਾ, ‘ਅਸੀਂ ਸਫਾਈ ਕਰਾਂਗੇ, ਸਾਡੇ ਨਾਲ ਜੁੜੋ’ ਜੋ ਕਿ ਇੱਕ ਸਾਫ਼ ਅਤੇ ਜਾਗਰੂਕ ਭਾਈਚਾਰੇ ਵੱਲ ਇੱਕ ਪ੍ਰੇਰਨਾਦਾਇਕ ਸ਼ੁਰੂਆਤ ਹੈ।ਬਾਂਗਾ ਨੇ ਸਵੱਛਤਾ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਫ਼ਾਈ ਦਾ ਗੁਣ ਮਨੁੱਖ ਦੇ ਵਿਕਾਸ ਲਈ ਬਹੁਤ ਅਹਿਮ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਾਸ਼ੀਏ ’ਤੇ ਰਹਿ ਰਹੇ ਲੋਕਾਂ ਨਾਲ ਪਿਆਰ ਅਤੇ ਅਪਣਤ ਨਾਲ ਮਿਲ ਕੇ ਸਮਾਜ ਨੂੰ ਬਿਹਤਰ ਬਣਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ।
