ਬੱਚਿਆਂ ਨੂੰ ਸਿੱਖ ਇਤਿਹਾਸ ਪੜ੍ਹਨ ਲਈ ਪ੍ਰੇਰਿਆ
ਗੁਰਦੁਆਰਾ ਸਿੰਘ ਸਭਾ ਅਰੂਪ ਨਗਰ ਵਿੱਚ ਚੱਲ ਰਹੀਆਂ ਸੇਵਾਵਾਂ ਦੀ ਲੜੀ ਤਹਿਤ ਬਾਬਾ ਅਜੀਤ ਸਿੰਘ ਸੇਵਕ ਸਭਾ ਵੱਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿਚ ਸੰਗਤ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ। ਪ੍ਰਸਿੱਧ ਕਥਾ ਵਾਚਕ ਗਿਆਨੀ ਸਾਹਿਬ ਸਿੰਘ ਤੇ ਹਰਜੀਤ ਸਿੰਘ ਹਰਮਨ ਨੇ ਸੰਗਤ ਨੂੰ ਗੁਰੂ ਇਤਿਹਾਸ ਨਾਲ ਜੋੜਿਆ। ਗਿਆਨੀ ਸਾਹਿਬ ਸਿੰਘ ਨੇ ਕਿਹਾ ਕਿ ਅੱਜ ਦੀ ਪੀੜ੍ਹੀ ਨੂੰ ਗੁਰੂ ਇਤਿਹਾਸ ਬਾਰੇ ਦੱਸਣਾ ਜ਼ਰੂਰੀ ਹੈ। ਅੱਜ ਦੇ ਬੱਚੇ ਜੇ ਆਪਣਾ ਇਤਿਹਾਸ ਨਹੀਂ ਪੜ੍ਹਨਗੇ ਤਾਂ ਉਹ ਆਪਣੇ ਪਿੱਛੋਕੜ ਨੂੰ ਭੁੱਲ ਜਾਣਗੇ। ਉਨ੍ਹਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪ ਵੀ ਬਾਣੀ ਪੜ੍ਹਨ ਤੇ ਆਪਣੇ ਬੱਚਿਆਂ ਨੂੰ ਵੀ ਬਾਣੀ ਬਾਣੇ ਦੇ ਧਾਰਨੀ ਬਣਾਉਣ। ਗਿਆਨੀ ਹਰਜੀਤ ਸਿੰਘ ਹਰਮਨ ਨੇ ਸੰਗਤ ਨੂੰ ਗੁਰੂ ਇਤਿਹਾਸ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਸਿੱਖ ਬੱਚੇ ਤੇ ਬੱਚੀਆਂ ਲਈ ਗੱਤਕਾ ਸਿਖਲਾਈ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਹਜ਼ੂਰੀ ਰਾਗੀ ਭਾਈ ਗੁਰਜੋਤ ਸਿੰਘ, ਬੀਬੀ ਨਵਜੋਤ ਕੌਰ ਤੇ ਭਾਈ ਗੁਰਕਾਰਜ ਸਿੰਘ ਦੇ ਕਵੀਸ਼ਰੀ ਜਥਾ ਤੇ ਸ਼ਬਦੀ ਜਥਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਤੇ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਨੇ ਕੀਰਤਨ ਕੀਤਾ। ਬਾਬਾ ਅਜੀਤ ਸਿੰਘ ਸੇਵਕ ਸਭਾ ਦੇ ਬੱਚਿਆਂ ਨੇ ਵੀ ਸ਼ਬਦ ਗਾਇਨ ਕੀਤੇ। ਇਸ ਮੌਕੇ ਰਕਤ ਸੇਵਕ ਪਰਿਵਾਰ, ਬਾਬਾ ਅਜੀਤ ਸਿੰਘ ਸਭਾ ਅਤੇ ਹੈਲਪਿੰਗ ਹੈਂਡ ਸੰਸਥਾ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਆਰੰਭ ਰਕਤ ਸੇਵਕ ਪਰਿਵਾਰ ਦੇ ਪ੍ਰਧਾਨ ਗਗਨ ਚੰਡੋਕ ਨੇ ਕੀਤਾ। ਖੂਨ ਦਾਨ ਕੈਂਪ ਵਿੱਚ 52 ਯੂਨਿਟ ਖੂਨ ਇੱਕਠਾ ਕੀਤਾ ਗਿਆ। ਇਸ ਮੌਕੇ ਜਗਮੋਹਨ ਸਿੰਘ, ਓਂਕਾਰ ਸਿੰਘ, ਜੀਵਨ ਸਿੰਘ, ਹਰਗੁਨ ਸਿੰਘ, ਵੰਸ਼ਦੀਪ ਸਿੰਘ, ਪ੍ਰਦੀਪ ਕੁਕਰੇਜਾ, ਮੂਲ ਚੰਦ ਤੇ ਭਗਵੰਤ ਸਿੰਘ ਖਾਲਸਾ ਆਦਿ ਹਾਜ਼ਰ ਸਨ।
