ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ ਭਖਿਆ
ਕਸਬੇ ਵਿੱਚ ਧਾਰਮਿਕ ਸੰਸਥਾ ਚਲਾ ਰਹੇ ਕੁਝ ਨੌਜਵਾਨਾਂ ਵੱਲੋਂ ਅੱਠ ਨਾਬਾਲਗ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਦਾ ਮਾਮਲਾ ਭਖ ਗਿਆ ਹੈ। ਇਸ ਸਬੰਧ ਵਿੱਚ 11 ਅਕਤੂਬਰ ਨੂੰ ਪੀੜਤ ਪਰਿਵਾਰਾਂ ਨੇ ਡੀ ਐੱਸ ਪੀ ਦਫ਼ਤਰ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ ਪੰਜ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਵਿੱਚ ਪੋਕਸੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਲਈ ਨਿਹੰਗ ਸਿੰਘਾਂ ਦੀ ਮੀਟਿੰਗ ਹੋਈ। ਇਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਐੱਸ ਐੱਚ ਓ ਸਿਟੀ ਨਰੇਸ਼ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਦੀ ਮੰਗ ਕੀਤੀ। ਨਿਹੰਗ ਸਿੰਘਾਂ ਨੇ ਗ੍ਰਿਫ਼ਤਾਰੀਆਂ ਨਾ ਕਰਨ ’ਤੇ ਐਕਸ਼ਨ ਦੀ ਚਿਤਾਵਨੀ ਦਿੱਤੀ ਹੈ। ਬਾਬਾ ਬੁੱਢਾ ਦਲ ਦੇ ਜਥੇਦਾਰ ਬਲਵਿੰਦਰ ਸਿੰਘ, ਗੁਰਦੁਆਰਾ ਸ੍ਰੀ ਗੁਰੂ ਸ਼ਰਨ ਸਾਹਿਬ ਦੇ ਜਥੇਦਾਰ ਬਾਬਾ ਵਰਿਆਮ ਸਿੰਘ, ਜਥੇਦਾਰ ਚਤਰ ਸਿੰਘ, ਬਾਬਾ ਮੁਖਤਿਆਰ ਸਿੰਘ, ਮਹਿਲ ਸਿੰਘ ਅਤੇ ਦਰਜਨਾਂ ਨਿਹੰਗਾਂ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ 11 ਅਕਤੂਬਰ ਨੂੰ ਪੋਕਸੋ ਐਕਟ ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮ ਅਜੇ ਵੀ ਫ਼ਰਾਰ ਹਨ। ਇਸ ਦੌਰਾਨ ਪੀੜਤ ਬੱਚਿਆਂ ਦੇ ਪਰਿਵਾਰਾਂ ’ਤੇ ਆਪਣੀਆਂ ਸ਼ਿਕਾਇਤਾਂ ਵਾਪਸ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ। ਜ਼ਿਆਦਾਤਰ ਮਾਪੇ ਪਹਿਲਾਂ ਹੀ ਅਜਿਹਾ ਕਰਨ ਲਈ ਸਹਿਮਤ ਹੋ ਗਏ ਹਨ। ਨਿਹੰਗ ਸਿੰਘਾਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਧਾਰਮਿਕ ਸੰਸਥਾ ਲਈ ਇੱਕ ਇਮਾਰਤ ਬਣਾਈ ਹੈ, ਜਿੱਥੇ ਉਹ ਛੋਟੇ ਬੱਚਿਆਂ ਨੂੰ ਗੱਤਕਾ ਸਿਖਾਉਂਦੇ ਹਨ। ਕੁਝ ਦਿਨ ਪਹਿਲਾਂ ਇੱਕ 14 ਸਾਲ ਦੇ ਲੜਕੇ ਨੇ ਆਪਣੀ ਮਾਂ ਨੂੰ ਗੱਤਕਾ ਸਿੱਖਣ ਤੋਂ ਇਨਕਾਰ ਕਰ ਦਿੱਤਾ। ਜਦੋਂ ਮਾਂ ਨੇ ਪੁੱਛਿਆ ਕਿ ਕਿਉਂ ਤਾਂ ਲੜਕੇ ਨੇ ਖੁਲਾਸਾ ਕੀਤਾ ਕਿ ਗੱਤਕਾ ਸਿਖਾਉਣ ਦੀ ਆੜ ਵਿੱਚ ਸੰਸਥਾ ਚਲਾਉਣ ਵਾਲੇ ਨੌਜਵਾਨਾਂ ਨੇ ਉਸ ਸਮੇਤ ਸਾਰੇ ਬੱਚਿਆਂ ਨਾਲ ਅਸ਼ਲੀਲ ਵਿਹਾਰ ਕੀਤਾ। ਮਾਪਿਆਂ ਨੇ ਸੰਪਰਦਾ ਦੇ ਆਗੂਆਂ ਨੂੰ ਸ਼ਿਕਾਇਤ ਕੀਤੀ, ਜਿਨ੍ਹਾਂ ਨੇ ਬੱਚਿਆਂ ਨੂੰ ਬੁਲਾਇਆ ਅਤੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ। ਸ਼ਿਕਾਇਤ ਤੋਂ ਬਾਅਦ ਪੁਲੀਸ ਨੇ ਪੰਜ ਵਿਅਕਤੀਆਂ ਸ਼ੇਰ ਸਿੰਘ, ਅਰਜੁਨ, ਗੋਪੀ, ਮਾਹੀ ਸਿੰਘ, ਕਾਕਾ ਅਤੇ ਕਰਨੈਲ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ। ਜਾਂਚ ਅਧਿਕਾਰੀ ਉਰਮਿਲਾ ਰਾਣੀ ਨੇ ਕਿਹਾ ਕਿ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਕਈ ਪੀੜਤਾਂ ਦੇ ਮਾਪੇ ਆਪਣੇ ਬਿਆਨ ਵਾਪਸ ਲੈ ਰਹੇ ਹਨ। ਇੱਕ ਬੱਚੇ ਦੀ ਡਾਕਟਰੀ ਜਾਂਚ ਸੋਮਵਾਰ ਨੂੰ ਕੀਤੀ ਜਾਵੇਗੀ।
