ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁੱਖ ਮੰਤਰੀ ਵੱਲੋਂ ਰਾਹਤ ਸਮੱਗਰੀ ਨਾਲ ਭਰੇ 25 ਟਰੱਕ ਰਵਾਨਾ

ਪੰਜਾਬ ਤੇ ਹਿਮਾਚਲ ਦੇ ਹਡ਼੍ਹ ਪੀਡ਼ਤਾਂ ਦੀ ਮਦਦ ਕਰਨਾ ਸਾਡੀ ਨੈਤਿਕ ਜ਼ਿੰਮੇਵਾਰੀ: ਸੈਣੀ
ਪੰਚਕੂਲਾ ਤੋਂ ਟਰੱਕਾਂ ਨੂੰ ਰਵਾਨਾ ਕਰਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਸੈਣੀ।
Advertisement

ਪੀ ਪੀ ਵਰਮਾ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਭਾਜਪਾ ਦਫ਼ਤਰ (ਪੰਚਕਮਲ) ਤੋਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਰਾਹਤ ਸਮੱਗਰੀ ਦੇ ਭਰੇ 25 ਟਰੱਕਾਂ ਨੂੰ ਰਵਾਨਾ ਕੀਤਾ ਗਿਆ। ਇਨ੍ਹਾਂ ਵਿੱਚੋਂ ਪੰਜਾਬ ਲਈ 15 ਟਰੱਕ ਅਤੇ ਹਿਮਾਚਲ ਪ੍ਰਦੇਸ਼ ਲਈ 10 ਟਰੱਕ ਭੇਜੇ ਗਏ ਹਨ।

Advertisement

ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਇਨ੍ਹਾਂ ਟਰੱਕਾਂ ਰਾਹੀਂ ਪੰਜਾਬ ਤੇ ਹਿਮਾਚਲ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਤੱਕ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਵਸਤਾਂ ਪਹੁੰਚਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤ ਕਾਰਨ ਪੰਜਾਬ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਨੂੰ ਵੀ ਬਹੁਤ ਨੁਕਸਾਨ ਹੋਇਆ ਹੈ। ਕਈ ਥਾਵਾਂ ’ਤੇ ਲੋਕਾਂ ਦੇ ਘਰ, ਫ਼ਸਲਾਂ ਤੇ ਪਸ਼ੂ ਵੀ ਹੜ੍ਹਾਂ ਦੀ ਲਪੇਟ ਵਿੱਚ ਆ ਗਏ ਹਨ। ਅਜਿਹੀ ਸਥਿਤੀ ਵਿੱਚ ਲੋਕਾਂ ਦੀ ਮਦਦ ਕਰਨਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ।

ਸ੍ਰੀ ਸੈਣੀ ਨੇ ਕਿਹਾ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਹਰਿਆਣਾ ਸਰਕਾਰ ਦੇ ਨਾਲ-ਨਾਲ ਭਾਜਪਾ ਦੇ ਆਗੂਆਂ ਅਤੇ ਕਾਰਕੁਨਾਂ ਵੱਲੋਂ ਵੀ ਲਗਾਤਾਰ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ। ਹਰ ਰੋਜ਼ ਹਰਿਆਣਾ ਤੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਦੇ ਟਰੱਕ ਭੇਜੇ ਜਾ ਰਹੇ ਹਨ। ਇਸ ਮੌਕੇ ਸਾਬਕਾ ਮੰਤਰੀ ਅਸੀਮ ਗੋਇਲ, ਵਿਧਾਇਕ ਸ਼ਕਤੀ ਰਾਣੀ ਸ਼ਰਮਾ, ਮੇਅਰ ਕੁਲਭੂਸ਼ਣ ਗੋਇਲ, ਸਾਬਕਾ ਸਪੀਕਰ ਗਿਆਨ ਚੰਦ ਗੁਪਤਾ, ਜ਼ਿਲ੍ਹਾ ਪ੍ਰਧਾਨ ਅਜੈ ਮਿੱਤਲ, ਭਾਜਪਾ ਸੂਬਾਈ ਉਪ ਪ੍ਰਧਾਨ ਬੰਤੋ ਕਟਾਰੀਆ ਤੇ ਡੀਸੀ ਮੋਨਿਕਾ ਗੁਪਤਾ ਆਦਿ ਹਾਜ਼ਰ ਸਨ।

ਭਾਜਪਾ ਨੇ ਰਾਹਤ ਸਮੱਗਰੀ ਦੇ ਟਰੱਕ ਭੇਜੇ

ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਦਿੱਲੀ ਪ੍ਰਦੇਸ਼ ਭਾਜਪਾ ਵੱਲੋਂ ਅੱਜ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਦਿੱਲੀ ਤੋਂ ਰਾਹਤ ਸਮੱਗਰੀ ਦੇ ਟਰੱਕ ਭੇਜੇ ਗਏ। ਪੰਜਾਬ ਲਈ ਟਰੱਕ ਭੇਜਣ ਸਮੇਂ ਹਰੀ ਝੰਡੀ ਦਿਖਾਉਣ ਦੀ ਰਸਮ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਮਿਲ ਕੇ ਨਿਭਾਈ। ਇਸ ਮੌਕੇ ਦਿੱਲੀ ਕੈਬਨਿਟ ਦੇ ਸਾਰੇ ਮੰਤਰੀ, ਸੀਨੀਅਰ ਅਧਿਕਾਰੀ ਅਤੇ ਭਾਜਪਾ ਦੇ ਪ੍ਰਮੁੱਖ ਆਗੂ ਹਾਜ਼ਰ ਸਨ। ਰਾਹਤ ਸਮੱਗਰੀ ਵਿੱਚ ਹੜ੍ਹ ਪੀੜਤ ਇਲਾਕਿਆਂ ਨਾਲ ਸਬੰਧਤ ਹਾਲਤ ਨੂੰ ਦੇਖਦੇ ਹੋਏ ਟੈਂਟ, ਦਵਾਈਆਂ, ਕੱਪੜੇ, ਪਾਣੀ, ਮੱਛਰਦਾਨੀਆਂ ਆਦਿ ਭੇਜੇ ਗਏ ਹਨ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਭਿਆਨਕ ਹੜ੍ਹਾਂ ਕਾਰਨ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਹੈ। ਹੜ੍ਹਾਂ ਕਾਰਨ ਫ਼ਸਲਾਂ ਡੁੱਬ ਗਈਆਂ ਹਨ। ਇਸ ਲਈ ਸਾਨੂੰ ਸਭ ਨੂੰ ਮਿਲ ਕੇ ਪੰਜਾਬ ਦੀ ਮਦਦ ਕਰਨੀ ਚਾਹੀਦੀ ਹੈ। ਵਰਿੰਦਰ ਸਚਦੇਵਾ ਨੇ ਕਿਹਾ ਇਸ ਔਖੇ ਸਮੇਂ ਵਿੱਚ ਭਾਜਪਾ ਹਰ ਪੱਖ ਤੋਂ ਪੰਜਾਬ ਦੇ ਨਾਲ ਖੜ੍ਹੀ ਹੈ।

ਅੰਬਾਲਾ ਦੇ ਪ੍ਰਭਾਵਿਤ ਇਲਾਕੇ ਦਾ ਵੀ ਦੌਰਾ

ਅੰਬਾਲਾ (ਸਰਬਜੀਤ ਸਿੰਘ ਭੱਟੀ): ਨਾਇਬ ਸਿੰਘ ਸੈਣੀ ਨੇ ਅੱਜ ਅੰਬਾਲਾ ਦੇ ਨੱਗਲ ਅਤੇ ਹਸਨਪੁਰ ਨੇੜੇ ਹੜ੍ਹ ਦੇ ਪਾਣੀ ਕਾਰਨ ਬਣੀ ਸਥਿਤੀ ਦਾ ਵੀ ਜਾਇਜ਼ਾ ਲਿਆ। ਉਹ ਪ੍ਰਭਾਵਿਤ ਕਿਸਾਨਾਂ ਨੂੰ ਮਿਲੇ, ਖੇਤਾਂ ਅਤੇ ਫਸਲਾਂ ਦੇ ਨੁਕਸਾਨ ਬਾਰੇ ਜਾਣਕਾਰੀ ਲਈ। ਇਸ ਦੌਰਾਨ ਉਨ੍ਹਾਂ ਨਾਲ ਸਾਬਕਾ ਮੰਤਰੀ ਅਸੀਮ ਗੋਇਲ, ਭਾਜਪਾ ਜ਼ਿਲ੍ਹਾ ਪ੍ਰਧਾਨ ਮਨਦੀਪ ਰਾਣਾ, ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਅਤੇ ਹੋਰ ਅਧਿਕਾਰੀ ਮੌਜੂਦ ਰਹੇ। ਅਸੀਮ ਗੋਇਲ ਨੇ ਦੱਸਿਆ ਕਿ ਟਾਂਗਰੀ ਨਦੀ ਤੇ ਮੀਂਹ ਦਾ ਪਾਣੀ ਗੰਦੇ ਨਾਲੇ ਵਿਚ ਦਾਖਲ ਹੋਣ ਕਾਰਨ ਲਗਪਗ 40 ਪਿੰਡ ਪ੍ਰਭਾਵਿਤ ਹਨ, ਕਰੀਬ 28 ਹਜ਼ਾਰ ਏਕੜ ਖੇਤਰ ਵਿੱਚ ਪਾਣੀ ਭਰ ਗਿਆ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਇਲਾਕੇ ਦੀ ਡ੍ਰੇਨੇਜ਼ ਯੋਜਨਾ ਤਿਆਰ ਕਰ ਕੇ ਸਥਾਈ ਹੱਲ ਕੱਢਿਆ ਜਾਵੇ। ਸ੍ਰੀ ਸੈਣੀ ਨੇ ਸੇਗਤੀ ਪਿੰਡ ਨੇੜੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਵੀ ਜਾਇਜ਼ਾ ਲਿਆ ਅਤੇ ਲੋਕਾਂ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਬਾਰੇ ਭਰੋਸਾ ਦਿੱਤਾ।

Advertisement
Show comments