ਮਰਹੂਮ ਆਈਜੀਪੀ ਦੇ ਘਰ ਪਹੁੰਚੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਦੁਪਹਿਰੇ ਚੰਡੀਗੜ੍ਹ ਦੇ ਸੈਕਟਰ 24 ਸਥਿਤ ਮਰਹੂਮ ਇੰਸਪੈਕਟਰ ਜਨਰਲ ਆਫ਼ ਪੁਲੀਸ (ਆਈਜੀਪੀ) ਵਾਈ. ਪੂਰਨ ਕੁਮਾਰ ਦੇ ਸਰਕਾਰੀ ਨਿਵਾਸ ’ਤੇ ਪਹੁੰਚੇ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਮੁੱਖ ਮੰਤਰੀ ਦੁਪਹਿਰੇ ਕਰੀਬ 12:30 ਵਜੇ ਪਹੁੰਚੇ ਅਤੇ ਅਧਿਕਾਰੀ ਦੀ ਪਤਨੀ ਸ਼੍ਰੀਮਤੀ ਅਮਨੀਤ ਪੀ. ਕੁਮਾਰ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ।
ਸੀਨੀਅਰ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਨੇ ਮੰਗਲਵਾਰ ਦੁਪਹਿਰ ਨੂੰ ਆਪਣੀ ਸਰਕਾਰੀ ਰਿਹਾਇਸ਼ ’ਤੇ ਖੁਦਕੁਸ਼ੀ ਕਰ ਲਈ ਸੀ। ਉਨ੍ਹਾਂ ਦੀ ਪਤਨੀ ਅਮਨੀਤ ਪੀ. ਕੁਮਾਰ- ਜੋ ਇਸ ਘਟਨਾ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੇ ਵਫ਼ਦ ਨਾਲ ਜਾਪਾਨ ਦੇ ਸਰਕਾਰੀ ਦੌਰੇ ’ਤੇ ਸੀ, ਦੌਰਾ ਵਿਚਾਲੇ ਛੱਡ ਕੇ ਬੁੱਧਵਾਰ ਦੁਪਹਿਰ ਨੂੰ ਚੰਡੀਗੜ੍ਹ ਪਰਤ ਆਈ ਸੀ।
ਮੁੱਖ ਮੰਤਰੀ ਤੋਂ ਇਲਾਵਾ ਕਈ ਸੀਨੀਅਰ ਸਰਕਾਰੀ ਅਧਿਕਾਰੀ ਅਤੇ ਸਿਆਸੀ ਆਗੂ ਵੀ ਸ਼ਰਧਾਂਜਲੀ ਦੇਣ ਲਈ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ’ਤੇ ਪਹੁੰਚੇ ਹਨ। ਪਰਿਵਾਰ ਨਾਲ ਮੁਲਾਕਾਤ ਕਰਨ ਵਾਲਿਆਂ ਵਿੱਚ ਮੁੱਖ ਸਕੱਤਰ ਅਨੁਰਾਗ ਰਸਤੋਗੀ, ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਨ ਲਾਲ ਪੰਵਾਰ, ਗ੍ਰਹਿ ਸਕੱਤਰ ਸੁਮਿਤਾ ਮਿਸ਼ਰਾ ਅਤੇ ਹਾਂਸੀ ਦੇ ਵਿਧਾਇਕ ਵਿਨੋਦ ਭਯਾਨਾ ਸ਼ਾਮਲ ਸਨ। ਸੈਕਟਰ 24 ਸਥਿਤ ਰਿਹਾਇਸ਼ ’ਤੇ ਮਾਹੌਲ ਗ਼ਮਗੀਨ ਸੀ ਕਿਉਂਕਿ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਸਹਿਯੋਗੀ ਦਿਨ ਭਰ ਪਰਿਵਾਰ ਨਾਲ ਆਪਣਾ ਦੁੱਖ ਅਤੇ ਏਕਤਾ ਪ੍ਰਗਟ ਕਰਨ ਲਈ ਪਹੁੰਚ ਰਹੇ ਸਨ।