ਮੁੱਖ ਮੰਤਰੀ ਨੇ 105 ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾਈ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਜੂਨ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ‘ਦੇਵੀ’ (ਦਿੱਲੀ ਈਵੀ ਇੰਟਰ-ਕਨੈਕਟਰ) ਯੋਜਨਾ ਤਹਿਤ 105 ਨਵੀਆਂ ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾਈ ਅਤੇ ਨਰੇਲਾ ਵਿੱਚ ਇੱਕ ਨਵੇਂ ਬਣੇ ਬੱਸ ਡਿਪੂ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਇਸ ਨੂੰ ਰਾਜਧਾਨੀ ਵਿੱਚ ਸਾਫ਼-ਸੁਥਰੇ ਵਾਤਾਵਰਣ ਅਤੇ ਜਨਤਕ ਆਵਾਜਾਈ ਨੂੰ ਵਧਾਉਣ ਦੀ ਦਿਸ਼ਾ ਵਿੱਚ ਅਹਿਮ ਕਦਮ ਕਰਾਰ ਦਿੱਤਾ। ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਸੈਕਟਰ ਏ-9 ਡਿਪੂ ਦਾ ਕੰਮ 90 ਦਿਨਾਂ ਦੇ ਅੰਦਰ ਪੂਰਾ ਹੋ ਗਿਆ ਹੈ ਜੋ ਭਾਜਪਾ ਵੱਲੋਂ ਦਿੱਲੀ ਨਿਵਾਸੀਆਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੀ ਵਚਨਬੱਧਤਾ ਦਰਸਾਉਂਦਾ ਹੈ।
ਇਸ ਦੌਰਾਨ ਮੁੱਖ ਮੰਤਰੀ ਨੇ ਪਿਛਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਆਲੋਚਨਾ ਵੀ ਕੀਤੀ ਤੇ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਦੇ ਮਾੜੇ ਪ੍ਰਬੰਧਨ ਅਤੇ ਭ੍ਰਿਸ਼ਟਾਚਾਰ ਫੈਲਾਉਣ ਦਾ ਦੋਸ਼ ਲਗਾਇਆ।
ਉਨ੍ਹਾਂ ਕਿਹਾ ਕਿ ਬੱਸਾਂ ਦਿੱਲੀ ਦੀ ਜੀਵਨ ਰੇਖਾ ਹਨ ਪਰ ਪਿਛਲੀ ਸਰਕਾਰ ਦੇ ਅਧੀਨ ਰੂਟ ਕੱਟੇ ਗਏ, ਬੱਸਾਂ ਘਟਾ ਦਿੱਤੀਆਂ ਗਈਆਂ ਅਤੇ ਭ੍ਰਿਸ਼ਟਾਚਾਰ ਵਿੱਚ ਡੀਟੀਸੀ ਡੁਬੋ ਦਿੱਤੀ। ਕੰਪਟਰੋਲਰ ਅਤੇ ਆਡਿਟਰ ਜਨਰਲ (ਸੀਏਜੀ) ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਗੁਪਤਾ ਨੇ ਦਾਅਵਾ ਕੀਤਾ ਕਿ ਡੀਟੀਸੀ ਨੂੰ ਪਿਛਲੇ ਸ਼ਾਸਨ ਦੌਰਾਨ 65,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਔਰਤਾਂ ਲਈ ਮੁਫ਼ਤ ਬੱਸ ਸਵਾਰੀ ਯੋਜਨਾ ਭ੍ਰਿਸ਼ਟਾਚਾਰ ਨਾਲ ਲੈਸ ਸੀ। ਪੁਰਾਣੀਆਂ ਬੱਸਾਂ ਵਿੱਚ ਪੈਨਿਕ ਬਟਨ ‘ਸਿਰਫ਼ ਦਿਖਾਵੇ ਲਈ ਲਗਾਏ ਗਏ ਸਨ’’। ਉਨ੍ਹਾਂ ਨਵੀਆਂ ਨੌਂ ਮੀਟਰ ਲੰਬੀਆਂ ਇਲੈਕਟ੍ਰਿਕ ਬੱਸਾਂ ਦੀਆਂ ਕਈ ਵਿਸ਼ੇਸ਼ਤਾਵਾਂ ’ਤੇ ਚਾਨਣਾ ਪਾਇਆ, ਜਿਨ੍ਹਾਂ ਵਿੱਚ ਏਅਰ ਕੰਡੀਸ਼ਨਿੰਗ, ਪੈਨਿਕ ਬਟਨ ਅਤੇ ਰੀਅਲ-ਟਾਈਮ ਨਿਗਰਾਨੀ ਪ੍ਰਣਾਲੀਆਂ ਸ਼ਾਮਲ ਹਨ। ਉਨ੍ਹਾਂ ਸਰਕਾਰ ਦੇ ਹਾਲ ਹੀ ਵਿੱਚ ਕਾਗਜ਼ੀ ਟਿਕਟਾਂ ਤੋਂ ਸਮਾਰਟ ਕਾਰਡਾਂ ਵਿੱਚ ਤਬਦੀਲੀ ਦਾ ਬਚਾਅ ਕਰਦੇ ਹੋਏ ਕਿਹਾ, ‘‘ਜਦੋਂ ਅਸੀਂ ਕਾਗਜ਼ੀ ਟਿਕਟਾਂ ਹਟਾ ਦਿੱਤੀਆਂ ਅਤੇ ਕਾਰਡਾਂ ਵਿੱਚ ਤਬਦੀਲ ਹੋ ਗਏ, ਤਾਂ ‘ਆਪ’ ਨੇ ਝੂਠ ਫੈਲਾਇਆ ਕਿ ਔਰਤਾਂ ਹੁਣ ਮੁਫਤ ਯਾਤਰਾ ਨਹੀਂ ਕਰਨਗੀਆਂ। ਪਰ ਇਹ ਕਦਮ ਸਿਰਫ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਸੀ।’’
ਦਿੱਲੀ ਦੇ ਟਰਾਂਸਪੋਰਟ ਮੰਤਰੀ ਪੰਕਜ ਸਿੰਘ ਨੇ ਦੋਸ਼ ਲਾਇਆ ਕਿ ਪਿਛਲੀ ਸਰਕਾਰ ਨੇ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਤੋਂ ਵਾਂਝਾ ਰੱਖਿਆ। ਉਨ੍ਹਾਂ ਕਿਹਾ ਕਿ ਇਹ ਬੱਸਾਂ ਪਿਛਲੇ ਮਾਨਸੂਨ ਤੱਕ ਪਹੁੰਚ ਜਾਣੀਆਂ ਚਾਹੀਦੀਆਂ ਸਨ, ਪਰ ਪਿਛਲੀ ਸਰਕਾਰ ਨੇ ਇਹ ਵਾਅਦਾ ਪੂਰਾ ਨਹੀਂ ਕੀਤਾ। ਅੱਜ ਭਾਜਪਾ ਉਸ ਵਾਅਦੇ ਨੂੰ ਪੂਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਬੱਸਾਂ ਹਰੇ ਰੰਗ ਦੀਆਂ ਸਨ, ਇਹ ਪਹਿਲੀ ਵਾਰ ਹੈ ਜਦੋਂ ਡੀਟੀਸੀ ਵਿੱਚ ਸੰਤਰੀ ਰੰਗ ਦੀਆਂ ਇਲੈਕਟ੍ਰਿਕ ਬੱਸਾਂ ਦਾ ਬੇੜਾ ਸ਼ਾਮਲ ਕੀਤਾ ਗਿਆ ਹੈ।