ਡੇਂਗੂ ਦੇ ਲਾਰਵੇ ਦੀ ਚੈਕਿੰਗ
ਕਾਰਜਕਾਰੀ ਸਿਵਲ ਸਰਜਨ ਡਾ. ਬਲਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ’ਚ ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਾਰਵਾ ਚੈੱਕ ਕੀਤਾ ਗਿਆ ਅਤੇ ਡੇਂਗੂ ਤੋਂ ਬਚਾਅ ਲਈ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮੀਂਹਾਂ ਦੇ ਪਾਣੀ ਕਾਰਨ ਡੇਂਗੂ, ਚਿਕਨਗੁਨੀਆ, ਮਲੇਰੀਆ ਆਦਿ ਫੈਲ ਸਕਦੀਆਂ ਹਨ। ਉਨਾਂ ਦੱਸਿਆ ਕਿ ਬਿਲਡਿੰਗ ਦੀਆਂ ਛੱਤਾਂ ’ਤੇ ਪਏ ਟਾਇਰਾਂ, ਟੁੱਟੇ ਭੱਜੇ ਬਰਤਨਾਂ ਅਤੇ ਹੋਰ ਥਾਵਾਂ ’ਤੇ ਪਾਣੀ ਖੜ੍ਹਾ ਹੋਣ ਨਾਲ ਡੇਂਗੂ ਮੱਛਰ ਪੈਦਾ ਹੁੰਦਾ ਹੈ, ਜੋ ਡੇਂਗੂ ਦੇ ਫੈਲਣ ਦਾ ਕਾਰਨ ਬਣਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਘਰਾਂ ਅਤੇ ਦਫ਼ਤਰਾਂ ਵਿਚ ਕੂਲਰਾਂ, ਕੰਟੇਨਰਾਂ, ਬਰਤਨਾਂ, ਛੱਤਾਂ ਅਤੇ ਆਲੇ ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮੱਛਰ ਦੇ ਕੱਟਣ ਤੋਂ ਬਚਾਅ ਲਈ ਪੂਰਾ ਸਰੀਰ ਢਕਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਸੌਣ ਸਮੇਂ ਮੱਛਰਾਂ ਤੋਂ ਬਚਾਅ ਵਾਲੀਆਂ ਕਰੀਮਾਂ ਅਤੇ ਮੱਛਰਦਾਨੀਆਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਦੀ ਜਾਂਚ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤੀ ਜਾਂਦੀ ਹੈ। ਇਸ ਮੌਕੇ ਤਿਰਲੋਕ ਸਿੰਘ, ਰਾਮ ਕੁਮਾਰ, ਸੰਜੀਵ ਕੁਮਾਰ ਸ਼ਰਮਾ, ਕ੍ਰਿਸ਼ਨ ਕੁਮਾਰ ਅਤੇ ਬਲਜੀਤ ਸਿੰਘ ਵੀ ਮੌਜੂਦ ਸਨ।