ਚੌਟਾਲਾ ਡਿਸਟਰੀਬਿਊਟਰੀ ਵਿਚ ਪਾੜ ਪਿਆ, 90 ਏਕੜ ਫਸਲਾਂ ਡੁੱਬੀਆਂ
ਚੌਟਾਲਾ ਡਿਸਟਰੀਬਿਊਟਰੀ (ਮਾਈਨਰ) ਵਿੱਚ ਮੱਧ ਖੇਤਰ ਦੇ ਕਿਸਾਨਾਂ ਵਿਚਕਾਰ ਮੋਘਿਆਂ ਦੇ ਫੇਰਬਦਲ ਦਾ ਮਾਮਲਾ ਪਾਣੀ ਦੀ ਪਹਿਲੀ ਆਮਦ ਨਾਲ ਹੋਰ ਗੰਭੀਰ ਹੋ ਗਿਆ। ਬੀਤੀ ਰਾਤ ਡਿਸਟਰੀਬਿਊਟਰੀ ਪਿੰਡ ਚੌਟਾਲਾ ਦੇ ਰਕਬੇ ਵਿੱਚ ਬੁਰਜੀ ਨੰਬਰ 60 ਦੇ ਨੇੜੇ ਟੁੱਟ ਗਈ, ਜਿਸ ਨਾਲ ਲਗਭਗ 80 ਤੋਂ 90 ਏਕੜ ਝੋਨੇ, ਗੁਆਰੇ ਅਤੇ ਨਰਮੇ ਦੀਆਂ ਫਸਲਾਂ ਤੋਂ ਇਲਾਵਾ ਕਈ ਏਕੜ ਕਿੰਨੂ ਦੇ ਬਾਗਾਂ ਵਿੱਚ ਦੋ ਤੋਂ ਤਿੰਨ ਫੁੱਟ ਤੱਕ ਪਾਣੀ ਭਰ ਗਿਆ। ਇਸ ਨਾਲ ਪੱਕੀਆਂ ਹੋਈਆਂ ਫ਼ਸਲਾਂ ਬਰਬਾਦ ਹੋ ਗਈਆਂ। ਦਰਜਨ ਭਰ ਕਿਸਾਨਾਂ ਦੀ ਛੇ ਮਹੀਨੇ ਦੀ ਮਿਹਨਤ ’ਤੇ ਪਾਣੀ ਫਿਰ ਗਿਆ।
ਜ਼ਿਕਰਯੋਗ ਹੈ ਕਿ ਚੌਟਾਲਾ ਖੇਤਰ ਦੇ ਕਿਸਾਨਾਂ ਨੇ ਟੇਲ ਤੱਕ ਸਿੰਜਾਈ ਅਤੇ ਘਰੇਲੂ ਵਰਤੋਂ ਲਈ ਪਾਣੀ ਨਾ ਪੁੱਜਣ ਦੇ ਵਿਰੋਧ ਵਿੱਚ 11 ਦਿਨ ਧਰਨਾ ਦਿੱਤਾ ਸੀ। ਕਿਸਾਨਾਂ ਦੀ ਮੰਗ ’ਤੇ ਸਿੰਜਾਈ ਮੰਤਰੀ ਸ਼ਰੂਤੀ ਚੌਧਰੀ ਦੇ ਸਖ਼ਤ ਨਿਰਦੇਸ਼ਾਂ ਤਹਿਤ ਹਫ਼ਤਾ ਪਹਿਲਾਂ ਚੌਟਾਲਾ ਡਿਸਟਰੀਬਿਊਟਰੀ ਦੇ ਲਗਪਗ 24 ਮੋਘਿਆਂ ਦੇ ਆਕਾਰ ’ਚ ਫੇਰਬਦਲ ਕੀਤਾ ਗਿਆ ਸੀ। ਇਸ ਦੇ ਵਿਰੋਧ ਵਿੱਚ ਹੁਣ ਮੱਧ ਖੇਤਰ ਦੇ ਦੱਸ ਪਿੰਡਾਂ ਦੇ ਕਿਸਾਨ ਛੇ ਦਿਨਾਂ ਤੋਂ ਜੰਡਵਾਲਾ ਪੁਲੀ ਨੇੜੇ ਅਣਮਿੱਥੇ ਸਮੇਂ ਦੇ ਧਰਨੇ ’ਤੇ ਬੈਠੇ ਹਨ।
ਜਾਣਕਾਰੀ ਮੁਤਾਬਕ ਮਾਈਨਰ ਕੱਲ੍ਹ ਰਾਤ ਲਗਪਗ 10 ਵਜੇ ਟੇਲ ਬੁਰਜੀ ਨੰਬਰ 80 ਤੋਂ ਲਗਪਗ 20 ਬੁਰਜੀ ਪਹਿਲਾਂ ਟੁੱਟ ਗਈ। ਵਿਭਾਗੀ ਸੂਤਰਾਂ ਅਨੁਸਾਰ ਟੁੱਟਣ ਦਾ ਕਾਰਨ ਕਿਨਾਰੇ ਖੜ੍ਹੇ ਰੁੱਖ ਦੀਆਂ ਜੜਾਂ ’ਚ ਪਾਣੀ ਦਾ ਰਿਸਾਅ ਹੈ। ਪਿੰਡ ਚੌਟਾਲਾ ਦੇ ਕਿਸਾਨ ਆਗੂ ਦਯਾ ਰਾਮ ਉਲਾਨੀਆ ਨੇ ਕਿਹਾ ਕਿ ਵਿਭਾਗ ਨੇ ਕੱਲ੍ਹ ਸਵੇਰੇ 7 ਵਜੇ ਮੌਜਗੜ੍ਹ ਹੈੱਡ ਤੋਂ ਪਾਣੀ ਛੱਡਿਆ, ਜੋ ਰਾਤ 9 ਵਜੇ ਚੌਟਾਲਾ ਪਹੁੰਚਿਆ। ਜੇਕਰ ਪਾਣੀ 4-5 ਘੰਟੇ ਪਹਿਲਾਂ ਛੱਡਿਆ ਜਾਂਦਾ ਤਾਂ ਕਿਸਾਨ ਤੇ ਵਿਭਾਗ ਮਿਲ ਕੇ ਪੈਟਰੋਲਿੰਗ ਕਰ ਸਕਦੇ ਸਨ ਅਤੇ ਇਹ ਸਥਿਤੀ ਟਲ ਸਕਦੀ ਸੀ।
ਸਿੰਜਾਈ ਵਿਭਾਗ ਨੇ ਸਥਿਤੀ ਦਾ ਅੰਦਾਜ਼ਾ ਲਾਏ ਬਗੈਰ ਪਾਣੀ ਛੱਡਿਆ
ਕਿਸਾਨਾਂ ਦਾ ਦੋਸ਼ ਹੈ ਕਿ ਮੋਘਿਆਂ ਵਿੱਚ ਤਬਦੀਲੀ ਤੋਂ ਬਾਅਦ ਸਿੰਜਾਈ ਵਿਭਾਗ ਨੇ ਬਿਨਾਂ ਸਥਿਤੀ ਦਾ ਅੰਦਾਜ਼ਾ ਲਗਾਏ ਪਾਣੀ ਛੱਡ ਦਿੱਤਾ, ਜਿਸ ਨਾਲ ਮਾੜੀ ਹਾਲਤ ਮਾਈਨਰ ਦਬਾਅ ਨਹੀਂ ਝੱਲ ਸਕੀ। ਵਿਭਾਗੀ ਕਰਮਚਾਰੀ ਮਾਈਨਰ ਦੇ ਪਾੜ ਨੂੰ ਦਰੁਸਤ ਕਰਨ ਵਿਚ ਜੁਟੇ ਹੋਏ ਹਨ। ਮਾਈਨਰ ਵਿਚ ਪਾੜ ਕਰਕੇ ਪੀੜਤ ਕਿਸਾਨ ਅਤੁਲ ਸਹਾਰਣ ਨੇ ਦੱਸਿਆ ਕਿ ਉਸ ਦੇ ਖੇਤ ਵਿਚ 10 ਏਕੜ ਝੋਨਾ ਅਤੇ 2 ਏਕੜ ਕਿੰਨੂ ਬਾਗ ਵਿੱਚ ਦੋ ਤੋਂ ਤਿੰਨ ਫੁੱਟ ਤੱਕ ਪਾਣੀ ਭਰ ਗਿਆ। ਉਸ ਦਾ ਕਹਿਣਾ ਹੈ ਕਿ ਵਿਭਾਗ ਮੋਘਿਆਂ ਵਿੱਚ ਤਬਦੀਲੀ ਤੋਂ ਬਾਅਦ ਪਾਣੀ ਦੇ ਦਬਾਅ ਦਾ ਸਹੀ ਅੰਦਾਜ਼ਾ ਨਹੀਂ ਲਗਾ ਸਕਿਆ। ਜਦ ਤੱਕ ਪਾਣੀ ਘਟਾਇਆ ਗਿਆ, ਤਦ ਤੱਕ ਮਾਈਨਰ ਮਾੜੀ ਹਾਲਤ ਕਰਕੇ ਟੁੱਟ ਚੁੱਕੀ ਸੀ।
ਸਿੰਜਾਈ ਵਿਭਾਗ ਤੇ ਸਰਕਾਰ ਕੋਲੋਂ ਬਰਬਾਦ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ
ਕਿਸਾਨ ਹਨੂੰਮਾਨ ਛਿੰਪਾ ਨੰਬਰਦਾਰ ਨੇ ਦੱਸਿਆ ਕਿ ਸਿੰਜਾਈ ਵਿਭਾਗ ਦੀ ਲਾਪਰਵਾਹੀ ਕਾਰਨ ਉਸ ਦਾ 12 ਏਕੜ ਝੋਨਾ ਅਤੇ ਸਾਢੇ ਸੱਤ ਏਕੜ ਪੱਕੀ ਹੋਈ ਗੁਆਰੇ ਦੀ ਫਸਲ ਬਰਬਾਦ ਹੋ ਗਈ। ਇਸ ਤੋਂ ਇਲਾਵਾ ਕਿਸਾਨ ਸੁਰਜੀਤ ਸਿੰਘ ਭਾਰੂਖੇੜਾ, ਰਾਮ ਸਿੰਘ ਭਾਰੂਖੇੜਾ, ਮਨੋਜ ਸੋਨੀ, ਸੁਭਾਸ਼ ਖਦਰੀਆ, ਬੰਸੀ ਲਾਲ, ਸੁਭਾਸ਼ ਤੇ ਹੋਰ ਕਿਸਾਨਾਂ ਦੀਆਂ ਫਸਲਾਂ ਵੀ ਡੁੱਬ ਗਈਆਂ। ਕਿਸਾਨਾਂ ਨੇ ਕਿਹਾ ਕਿ ਵਿਭਾਗ ਦੀ ਨਲਾਇਕੀ ਨਾਲ ਡਿਸਟਰੀਬਿਊਟਰੀ (ਮਾਈਨਰ) ਟੁੱਟਣ ਕਾਰਨ ਉਨ੍ਹਾਂ ਦੀਆਂ ਫਸਲਾਂ ਬਰਬਾਦ ਹੋਈਆਂ ਹਨ, ਸਿੰਜਾਈ ਵਿਭਾਗ ਅਤੇ ਸਰਕਾਰ ਤੁਰੰਤ ਬਰਬਾਦ ਫਸਲਾਂ ਦਾ ਮੁਆਵਜ਼ਾ ਦੇਵੇ।
ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਧਰਨਾਕਾਰੀ ਕਿਸਾਨਾਂ ਵੱਲੋਂ ਮੋਘੇ ਬੰਦ ਕੀਤੇ ਜਾਣ ਕਾਰਨ ਮਾਈਨਰ ਵਿੱਚ 65 ਦੀ ਥਾਂ ਸਿਰਫ਼ 40 ਕਿਊਸਿਕ ਪਾਣੀ ਛੱਡਿਆ ਗਿਆ ਸੀ। ਪਾਣੀ ਨੂੰ ਰਾਜਸਥਾਨ ਕੈਨਾਲ ਹੇਠਲੇ ਲਗਪਗ 500 ਫੁੱਟ ਲੰਬੇ ਸਾਇਫਨ ਰਾਹੀਂ ਘੱਟ ਦਬਾਅ ਵਿੱਚ ਕੱਢਣਾ ਤਕਨੀਕੀ ਤੌਰ ’ਤੇ ਸੰਭਵ ਨਹੀਂ ਸੀ। ਲਗਪਗ 25 ਕਿਲੋਮੀਟਰ ਲੰਬੀ ਚੌਟਾਲਾ ਡਿਸਟਰੀਬਿਊਟਰੀ (ਮਾਈਨਰ) ਦੀ ਉਸਾਰੀ ਕਰੀਬ 50 ਸਾਲ ਪਹਿਲਾਂ ਹੋਈ ਸੀ, ਹੁਣ ਇਹ ਬਹੁਤ ਮਾੜੀ ਹਾਲਤ ਵਿੱਚ ਹੈ।
ਕੀ ਕਹਿੰਦਾ ਹੈ ਸਿੰਜਾਈ ਵਿਭਾਗ
ਸਿੰਚਾਈ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਮਨਦੀਪ ਬੇਨੀਵਾਲ ਨੇ ਦੱਸਿਆ ਕਿ ਡਿਸਟਰੀਬਿਊਟਰੀ ਦੇ ਪਾੜ ਨੂੰ ਛੇਤੀ ਦਰੁਸਤ ਕਰਕੇ ਪਾਣੀ ਛੱਡ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੀ ਮੁੜ ਉਸਾਰੀ ਲਈ ਲਗਪਗ 9 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਐਸਟੀਮੇਟ ਤਕਨੀਕੀ ਮਨਜ਼ੂਰੀ ਲਈ ਚੀਫ਼ ਇੰਜਨੀਅਰ ਨੂੰ ਭੇਜਿਆ ਗਿਆ ਹੈ। ਉਮੀਦ ਹੈ ਕਿ ਆਗਾਮੀ ਦੋ-ਤਿੰਨ ਮਹੀਨਿਆਂ ਵਿੱਚ ਇਸ ਦੇ ਟੈਂਡਰ ਮੰਗੇ ਜਾ ਸਕਣਗੇ।