ਖੇਡਾਂ ’ਚ ਚੌਧਰੀ ਰਣਵੀਰ ਸਿੰਘ ਯੂਨੀਵਰਸਿਟੀ ਮੋਹਰੀ
ਰਾਜਸਥਾਨ ਵਿੱਚ 5 ਦਸੰਬਰ ਤੱਕ ਜਾਰੀ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ-2025 ਵਿੱਚ ਚੌਧਰੀ ਰਣਵੀਰ ਸਿੰਘ ਯੂਨੀਵਰਸਿਟੀ (ਸੀ ਆਰ ਐੱਸ) ਜੀਂਦ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖੇਲੋ ਇੰਡੀਆ ਖੇਡਾਂ ਦੇ ਪੰਜਵੇਂ ਅਡੀਸ਼ਨ ਵਿੱਚ 29 ਯੂਨੀਵਰਸਿਟੀਆਂ ਦੀਆਂ ਟੀਮਾਂ ਨੇ ਹਿੱਸਾ ਲਿਆ ਜਿਸ ਵਿੱਚ ਕੁਸ਼ਤੀ, ਤਲਵਾਰਬਾਜ਼ੀ, ਤੀਰਅੰਦਾਜ਼ੀ, ਮੁੱਕੇਬਾਜ਼ੀ, ਰਗਬੀ ਤੇ ਅਥਲੈਟਿਕਸ ਸ਼ਾਮਲ ਸਨ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਮਪਾਲ ਸੈਣੀ ਨੇ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਭਰਤਪੁਰ ਵਿੱਚ ਕੁਸ਼ਤੀ ਮੁਕਾਬਲੇ ਵਿੱਚ ਯੂਨੀਵਰਸਿਟੀ ਨੇ ਦੋ ਸੋਨ ਅਤੇ ਇੱਕ ਚਾਂਦੀ ਦਾ ਤਗ਼ਮਾ ਜਿੱਤਿਆ। ਕੁਸ਼ਤੀ ਕੋਚ ਅਮਿਤ ਨੇ ਦੱਸਿਆ ਕਿ ਪ੍ਰਮੋਦ ਕੁਮਾਰ ਨੇ 67 ਕਿਲੋਗ੍ਰਾਮ ਗ੍ਰੀਕੋ ਰੋਮਨ ਵਿੱਚ ਸੋਨ ਤਗ਼ਮਾ, ਹਿਮਾਂਸ਼ੂ ਨੇ ਵੀ 63 ਕਿਲੋਗ੍ਰਾਮ ਗ੍ਰੀਕੋ ਰੋਮਨ ਵਿੱਚ ਸੋਨ ਤਗ਼ਮਾ ਤੇ ਸੰਦੀਪ ਨੇ 65 ਕਿਲੋਗ੍ਰਾਮ ਫਰੀਸਟਾਇਲ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਬਾਕਸਿੰਗ ਵਿੱਚ ਪੂਜਾ ਨੇ ਕਾਂਸੀ ਤਗ਼ਮਾ ਹਾਸਲ ਕੀਤਾ। ਪਹਿਲੀ ਤੋਂ 5 ਦਸੰਬਰ ਤੱਕ ਬਾਕਸਿੰਗ ਮੁਕਾਬਲੇ ਵਿੱਚ ਪੂਜਾ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਟੀਮ ਕੋਚ ਮੇਜਰ ਸੁਰਿੰਦਰ ਨੇ ਕਿਹਾ ਕਿ ਪੂਜਾ ਨੇ ਸ਼ੁਰੂਆਤੀ ਮੁਕਾਬਲਿਆਂ ਵਿੱਚ ਬੇਹਤਰੀਨ ਖੇਡ ਵਿਖਾਇਆ ਤੇ ਤਗ਼ਮਾ ਪੱਕਾ ਕਰ ਲਿਆ। ਅਥਲੈਟਿਕਸ ਵਿੱਚ ਆਸ਼ਾ ਨੇ 400 ਮੀਟਰ ਹਰਡਲ ਦੌੜ ’ਚ ਕਾਂਸੀ ਦਾ ਤਗ਼ਮਾ ਜਿੱਤਿਆ। ਖੇਡ ਨਿਦੇਸ਼ਕ ਡਾ. ਨਰੇਸ਼ ਦੇਸ਼ਵਾਲ ਨੇ ਦੱਸਿਆ ਕਿ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਦੇ ਪਿਛਲੇ 5 ਅਡੀਸ਼ਨਾਂ ’ਚ ਚੌਧਰੀ ਰਣਵੀਰ ਸਿੰਘ ਯੂਨੀਵਰਸਿਟੀ ਨੇ ਹਰਿਆਣਾ ਦੀ ਸਰਕਾਰੀ ਤੇ ਨਿੱਜੀ ’ਵਰਸਿਟੀਆਂ ਵਿੱਚ ਲਗਾਤਾਰ ਤੀਜਾ ਸਥਾਨ ਕਾਇਮ ਕੀਤਾ।
