ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਸ਼ੁਰੂ
ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ ਨੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹੜੇ ਮੌਕੇ ਹਰਿਆਣਾ ਕਲਾ ਪਰਿਸ਼ਦ ਕੈਂਪਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਲਗਾਏ ਖੂਨਦਾਨ ਕੈਂਪ ਵਿੱਚ ਸ਼ਮੂਲੀਅਤ ਕਰਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦਾ ਬਲੀਦਾਨ ਸ਼ਾਂਤੀ ਅਤੇ ਮਨੁੱਖਤਾ ਦਾ ਪ੍ਰਤੀਕ ਹੈ। ਸੁਧਾ ਨੇ ਕਿਹਾ ਕਿ ਗੁਰੂ ਜੀ ਦੇ ਆਦਰਸ਼ਾਂ ਤੋਂ ਪ੍ਰੇਰਿਤ 25 ਨਵੰਬਰ ਤੱਕ ਜ਼ਿਲ੍ਹੇ ਵਿੱਚ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਣਗੇ। ਜ਼ਿਲ੍ਹਾ ਪ੍ਰਸ਼ਾਸਨ ਨੇ ਖੂਨਦਾਨ ਕੈਂਪ ਲਗਾ ਕੇ ਇਸ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦੀ ਯਾਤਰਾਵਾਂ 8 ਨਵੰਬਰ ਨੂੰ ਸਿਰਸਾ ਦੇ ਰੋੜੀ ਤੋਂ, 11 ਨਵੰਬਰ ਨੂੰ ਪੰਚਕੂਲਾ ਦੇ ਪਿੰਡ ਮਾਧਵਾਲਾ ਤੋਂ, 14 ਨਵੰਬਰ ਨੂੰ ਫਰੀਦਾਬਾਦ ਤੋਂ ਅਤੇ 18 ਨਵੰਬਰ ਨੂੰ ਯਮੁਨਾਨਗਰ ਤੋਂ ਕੱਢੀਆਂ ਜਾਣਗੀਆਂ। 25 ਨਵੰਬਰ ਨੂੰ ਉਨ੍ਹਾਂ ਯਾਤਰਾਵਾਂ ਦਾ ਕੁਰੂਕਸ਼ੇਤਰ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਤਿੰਨ ਨਵੰਬਰ ਨੂੰ ਸਕੂਲਾਂ ਵਿੱਚ ਪ੍ਰੋਗਰਾਮ ਕਰਵਾਏ ਜਾਣਗੇ। 8 ਨਵੰਬਰ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਤੇ ਲਿਖੀ ਕਿਤਾਬ ਸਬੰਧੀ ਕੌਮੀ ਪ੍ਰੋਗਰਾਮ ਹੋਵੇਗਾ। ‘ਹਿੰਦ ਦੀ ਚਾਦਰ’ ਮੈਰਾਥਨ 9 ਨਵੰਬਰ ਨੂੰ ਕਰਨਾਲ ਵਿੱਚ ਕਰਵਾਈ ਜਾਵੇਗਾ। ਇਸੇ ਤਰ੍ਹਾਂ 18 ਨਵੰਬਰ ਨੂੰ ਯਮੁਨਾਨਗਰ ਵਿੱਚ ਗੁਰੂ ਤੇਗ ਬਹਾਦਰ ਬਾਗ ਦਾ ਉਦਘਾਟਨ ਕੀਤਾ ਜਾਵੇਗਾ। ਸਰਬਧਰਮ ਸੰਮੇਲਨ 24 ਨਵੰਬਰ ਨੂੰ ਕੁਰੂਕਸ਼ੇਤਰ ਵਿੱਚ ਸੂਬਾ ਪੱਧਰੀ ਪ੍ਰੋਗਰਾਮ ਵਿੱਚ ਕਰਵਾਇਆ ਜਾਵੇਗਾ। ਇਸ ਤੋਂ ਇਲਵਾ ਹੋਰ ਵੀ ਕਈ ਪ੍ਰੋਗਰਾਮ ਉਲੀਕੇ ਗਏ ਹਨ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਗੋਲਡੀ, ਜ਼ਿਲ੍ਹਾ ਪਰਿਸ਼ਦ ਚੇਅਰਪਰਸਨ ਕੰਵਲਜੀਤ ਕੌਰ ਤੇ ਹੋਰ ਪਤਵੰਤੇ ਮੌਜੂਦ ਸਨ।
