ਅਮਰੀਕਾ ਤੋਂ Deport ਹੋਏ ਪੀੜਤ ਦੀ ਸ਼ਿਕਾਇਤ ’ਤੇ ਏਜੰਟ ਪਿਉ-ਪੁੱਤ ਖ਼ਿਲਾਫ਼ ਕੇਸ ਦਰਜ
ਏਜੰਟ ਪਿਉ-ਪੁੱਤਰ ਵੱਲੋਂ ਵਸੂਲੇ 35 ਲੱਖ ਵਾਪਸ ਕਰਵਾਏ ਜਾਣ ਦੀ ਕੀਤੀ ਮੰਗ; ਪੀੜਤ ਨੇ ਲਾਏ ਜੰਗਲਾਂ ਵਿੱਚ ਭੁੱਖਾ ਰੱਖੇ ਜਾਣ ਅਤੇ ਅਣਮਨੁੱਖੀ ਵਤੀਰਾ ਕੀਤੇ ਜਾਣ ਦੇ ਦੋਸ਼
ਗੁਰਦੀਪ ਸਿੰਘ ਭੱਟੀ
ਟੋਹਾਣਾ, 24 ਫ਼ਰਵਰੀ
ਇਥੋਂ ਦੇ ਪਿੰਡ ਮੋਡਾਖੇੜਾ ਦੇ ਥਾਣਾ ਆਦਮਪੁਰ ਦਾ ਪੰਕਜ ਅਮਰੀਕਾ ਤੋਂ ਡਿਪੋਰਟ ਹੋ ਕੇ ਵਤਨ ਪਰਤਿਆ ਹੈ ਅਤੇ ਉਸ ਦੀ ਸ਼ਿਕਾਇਤ ਉਤੇ ਪੁਲੀਸ ਨੇ ਢਾਣੀ ਮੁਹੱਬਤਪੁਰ ਦੇ ਬਾਪ-ਬੇਟਾ ਮਨੀਸ਼ ਤੇ ਰਾਮ ਸਿੰਘ ਵਿਰੁੱਧ 35 ਲੱਖ ਵਸੂਲ ਕੇ ਵਿਦੇਸ਼ ਨਾ ਭੇਜਣ ਦਾ ਕੇਸ ਦਰਜ ਕੀਤਾ ਹੈ। ਪੀੜਤ ਨੇ ਇਨ੍ਹਾਂ ਤੋਂ ਪੈਸੇ ਵਸੂਲੀ ਦੀ ਮੰਗ ਰੱਖੀ ਹੈ।
ਪੰਕਜ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਵਿਦੇਸ਼ ਜਾਣ ਲਈ ਪਿੱਤਾ-ਪੁੱਤਰ ਮਨੀਸ਼ ਤੇ ਰਾਮ ਸਿੰਘ ਨੇ ਉਸ ਦੇ ਪਰਿਵਾਰ ਨੂੰ ਸਬਜ਼ਬਾਗ ਦਿਖਾ ਕੇ ਡੋਕਰ (ਗੁਯਾਨਾ, ਲਾਤੀਨੀ ਅਮਰੀਕਾ) ਦੇ ਅਬਦੁਲ ਨਾਲ ਮੁਲਾਕਾਤ ਕਰਵਾਈ ਸੀ। ਫਿਰ 35 ਲੱਖ ਰੁਪਏ ਵਸੂਲਣ ਤੋਂ ਬਾਅਦ ਪੰਕਜ ਨੂੰ ਦਿੱਲੀ ਬੁਲਾਇਆ ਗਿਆ ਤੇ ਉਸਨੂੰ ਗੁਯਾਨਾ ਦੇ ਵੀਜ਼ੇ ’ਤੇ ਉਥੇ ਭੇਜ ਦਿੱਤਾ ਗਿਆ।
ਉਹ 14 ਅਕਤੂਬਰ ਨੂੰ ਗੁਆਨਾ ਏਅਰਪੋਰਟ ਤੋਂ ਡੋਕਰ ਲੈ ਗਿਆ। ਅਗਲੇ ਦਿਨ ਉਹ ਬਰਾਜ਼ੀਲ ਪੁੱਜਾ ਤੇ ਉਹ 30 ਅਕਤੂਬਰ ਤਕ ਉਥੇ ਰਿਹਾ। ਫ਼ਿਰ ਕਈ ਦੇਸ਼ਾਂ ਵਿੱਚੋ ਲੰਘਦਾ ਹੋਇਆ ਕੋਲੰਬੀਆ ਪੁੱਜਾ। 15 ਦਿਨ ਰਹਿਣ ਪਿੱਛੋਂ ਉਸ ਨੂੰ ਕੁਪਰਗਾਨਾ ਟਾਪੂ ਭੇਜ ਦਿੱਤਾ ਗਿਆ। ਉਥੇ ਸਮੁੰਦਰ ਦੇ ਰਸਤੇ ਪਨਾਮਾ ਜੰਗਲਾਂ ਵਿੱਚ ਟੀਨ ਦੀਆਂ ਛੱਤਾਂ ਵਾਲੇ ਘਰ 7 ਦਿਨ ਬੰਦ ਭੁੱਖਾ ਰੱਖਿਆ ਗਿਆ। ਅਮਰੀਕਾਂ ਦੀ ਸਰਹੱਦ ’ਤੇ ਉਸ ਨੂੰ ਅਮਰੀਕੀ ਪੁਲੀਸ ਨੇ ਗ੍ਰਿਫ਼ਤਾਰ ਕਰਕੇ ਉਥੋਂ ਡਿਪੋਰਟ ਕੀਤਾ ਤੇ ਅਣਮਨੁੱਖੀ ਵਤੀਰਾ ਕੀਤਾ ਗਿਆ।