ਭਾਜਪਾ ਸਰਕਾਰ ਹਰ ਖੇਤਰ ਦਾ ਕਰ ਰਹੀ ਹੈ ਵਿਕਾਸ: ਸੈਣੀ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 21 ਜੂਨ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਕੁਰੂਕਸ਼ੇਤਰ ਨੇ ਯੋਗ ਧਰਮ ਨੂੰ ਯੋਗ ਯੁੱਗ ਵਿਚ ਬਦਲਣ ਲਈ ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਕੀਤੀ ਹੈ। ਜੋ ਕਿ ਸੂਬੇ ਲਈ ਬੜੇ ਮਾਣ ਵਾਲੀ ਗੱਲ ਹੈ। ਭਾਜਪਾ ਸਰਕਾਰ ਸੂਬੇ ਦੇ ਹਰ ਖੇਤਰ ਦਾ ਵਿਕਾਸ ਕਰ ਰਹੀ ਹੈ। ਕੇਂਦਰ ਦੀ ਸਰਕਾਰ ਨੇ ਆਪਣੇ 11 ਸਾਲ ਪੂਰੇ ਕਰ ਲਏ ਹਨ ਤੇ ਸੂਬੇ ਵਿੱਚ ਟ੍ਰਿਪਲ ਇੰਜਣ ਸਰਕਾਰ ਤਿੰਨ ਗੁਣਾ ਗਤੀ ਨਾਲ ਵਿਕਾਸ ਕਰਵਾ ਰਹੀ ਹੈ। ਇਸ ਕਾਰਨ ਰਾਜ ਦਾ ਹਰ ਵਰਗ ਖੁਸ਼ਹਾਲ ਹੈ। ਮੁੱਖ ਮੰਤਰੀ ਸੈਣੀ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ ਦੇ ਨਿਵਾਸ ’ਤੇ ਬੋਲ ਰਹੇ ਸਨ । ਇਸ ਦੌਰਾਨ ਰਾਜਪਾਲ ਬੰਡਾਰੂ ਦੱਤਾਤ੍ਰੇਅ ਤੇ ਰਾਜ ਗੁਰੂ ਸੁਆਮੀ ਰਾਮ ਦੇਵ ਵੀ ਮੌਜੂਦ ਸਨ। ਉਨ੍ਹਾਂ ਨੇ ਬ੍ਰਹਮ ਸਰੋਵਰ ਤੇ ਅੰਤਰਰਾਸ਼ਟਰੀ ਯੋਗ ਉਤਸਵ ਵਿਚ ਵੀ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਸੂਬੇ ਦਾ ਕੋਈ ਵੀ ਅਜਿਹਾ ਜ਼ਿਲ੍ਹਾ ਨਹੀਂ ਜੋ ਰਾਸ਼ਟਰੀ ਰਾਜ ਮਾਰਗ ਨਾਲ ਨਾ ਜੁੜਿਆ ਹੋਵੇ। ਇਸ ਸਮੇਂ ਚੰਗੀਆਂ ਸੜਕਾਂ ਹੋਣ ਕਰਕੇ ਇਕ ਕੋਨੇ ਤੋਂ ਦੂਜੇ ਕੋਨੇ ਤਕ ਯਾਤਰਾ ਕਰਨ ਲਈ ਅੱਧਾ ਸਮਾਂ ਲੱਗਦਾ ਹੈ। ਅੰਤਰਾਸ਼ਟਰੀ ਉਡਾਣਾਂ ਸ਼ੁਰੂ ਹੋ ਗਈਆਂ ਹਨ ਤੇ ਆਉਣ ਵਾਲੇ ਸਮੇਂ ਗਿਣਤੀ ਹੋਰ ਵਧਾਈ ਜਾਏਗੀ। ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਕੇਂਦਰ ਸਰਕਾਰ ਦੀ ਨਵੀਂ ਸਿਖਿਆ ਨੀਤੀ ਨੂੰ ਸੂਬੇ ਵਿਚ ਪੂਰੀ ਤਰ੍ਹਾਂ ਲਾਗੂ ਕਰਨ ਲਈ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਪਹਿਲਾ ਸੂਬਾ ਹੈ ਜਿਥੇ ਕਿਸਾਨਾਂ ਨੂੰ ਸਾਰੀਆਂ ਫਸਲਾਂ ਤੇ’ ਐੱਮਐੱਸਪੀ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਲੋਕ ਭਲਾਈ ਨੀਤੀਆਂ ਲਾਗੂ ਕਰਕੇ ਕਿਸਾਨਾਂ ਨੂੰ ਲਾਭ ਪ੍ਰਦਾਨ ਕੀਤੇ ਜਾ ਰਹੇ ਹਨ।