ਬਿਸ਼ਨੋਈ ਦਾ ਸਾਥੀ ਲਖਵਿੰਦਰ ਲੱਖਾ ਕਾਬੂ
ਕੁਲਵਿੰਦਰ ਦਿਓਲ/ਸਰਬਜੀਤ ਸਿੰਘ ਭੱਟੀ
ਹਰਿਆਣਾ ਸਪੈਸ਼ਲ ਟਾਸਕ ਫੋਰਸ (ਐੱਸ ਟੀ ਐੱਫ) ਨੇ ਲਾਰੈਂਸ ਗੈਂਗ ਨਾਲ ਜੁੜੇ ਗੈਂਗਸਟਰ ਅਨਮੋਲ ਬਿਸ਼ਨੋਈ ਦੇ ਸਾਥੀ ਲਖਵਿੰਦਰ ਸਿੰਘ ਉਰਫ਼ ਲੱਖਾ ਨੂੰ ਅਮਰੀਕਾ ਤੋਂ ਡਿਪੋਰਟ ਕਰਵਾ ਕੇ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਮੂਲ ਰੂਪ ਵਿੱਚ ਉਹ ਕੈਥਲ ਦੇ ਪਿੰਡ ਤੀਤਰਾਮ ਦਾ ਰਹਿਣ ਵਾਲਾ ਹੈ।
ਉਹ ਸਾਲ 2020 ’ਚ ਜਰਮਨੀ ਗਿਆ ਸੀ। ਉੱਥੇ ਉਹ ਸੰਪਤ ਨਹਿਰਾ ਦੇ ਸੰਪਰਕ ਵਿੱਚ ਆਇਆ, ਜੋ ਲਾਰੈਂਸ ਬਿਸ਼ਨੋਈ ਲਈ ਕੰਮ ਕਰਦਾ ਸੀ। ਉਸ ਰਾਹੀਂ ਉਹ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਮਿਲਿਆ। ਅਨਮੋਲ ਦੇ ਕਹਿਣ ’ਤੇ ਉਹ ਅਮਰੀਕਾ ਚਲਾ ਗਿਆ ਤੇ ਉੱਥੇ ਲਾਰੈਂਸ ਗੈਂਗ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਲੱਖਾ ਸਾਲ 2022 ਤੋਂ ਅਮਰੀਕਾ ’ਚ ਰਹਿ ਕੇ ਹਰਿਆਣਾ, ਪੰਜਾਬ ਤੇ ਰਾਜਸਥਾਨ ਵਿੱਚ ਕਈ ਅਪਰਾਧਿਕ ਮਾਮਲਿਆਂ ’ਚ ਸ਼ਾਮਲ ਸੀ। ਲੱਖਾ ’ਤੇ ਛੇ ਵੱਖ-ਵੱਖ ਅਪਰਾਧਿਕ ਮਾਮਲੇ ਕੁਰੂਕਸ਼ੇਤਰ, ਸੋਨੀਪਤ, ਰੋਹਤਕ ਤੇ ਯਮੁਨਾਨਗਰ ਵਿੱਚ ਦਰਜ ਹਨ, ਇੱਕ-ਇੱਕ ਮਾਮਲਾ ਕੈਥਲ ਤੇ ਅੰਬਾਲਾ ’ਚ ਦਰਜ ਹੈ। ਐੱਸ ਟੀ ਐੱਫ਼ ਨੇ ਉਸ ਵਿਰੁੱਧ 7 ਦਸੰਬਰ 2023 ਨੂੰ ਲੁਕ ਆਊਟ ਨੋਟਿਸ ਤੇ 26 ਦਸੰਬਰ 2024 ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਐੱਸ ਟੀ ਐੱਫ ਦੇ ਐੱਸ ਪੀ ਵਿਕਰਾਂਤ ਭੂਸ਼ਣ ਨੇ ਦੱਸਿਆ ਕਿ ਲੱਖਾ ਨੇ ਵਿਦੇਸ਼ ਜਾਣ ਤੋਂ ਬਾਅਦ ਹੀ ਲਾਰੈਂਸ ਬਿਸ਼ਨੋਈ ਗੈਂਗ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਦਾ ਅੱਠ ਦਿਨਾਂ ਪੁਲੀਸ ਰਿਮਾਂਡ ਦਿੱਤਾ ਹੈ।
