ਭੱਲਾ ਨੇ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ
ਡਾ. ਅਰਵਿੰਦਰ ਸਿੰਘ ਭੱਲਾ ਨੇ ਗੁਰੂ ਨਾਨਕ ਖਾਲਸਾ ਕਾਲਜ ਦੇ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਸੰਸਥਾ ਦੇ ਮੁਖੀ ਵਜੋਂ ਆਪਣਾ ਕਾਰਜਕਾਲ ਸ਼ੁਰੂ ਕਰਨ ਤੋਂ ਪਹਿਲਾਂ ਕਾਲਜ ਗੁਰਦੁਆਰੇ ਵਿੱਚ ਮੱਥਾ ਟੇਕ ਕੇ ਆਸ਼ੀਰਵਾਦ ਲਿਆ। ਕਾਲਜ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਮੇਜਰ ਰਜਿੰਦਰ ਸਿੰਘ ਭੱਟੀ ਨੇ ਆਸ ਪ੍ਰਗਟ ਕੀਤੀ ਕਿ ਡਾ. ਅਰਵਿੰਦਰ ਸਿੰਘ ਭੱਲਾ ਦੀ ਅਗਵਾਈ ਹੇਠ ਕਾਲਜ ਅਕਾਦਮਿਕ ਖੇਤਰ ਵਿੱਚ ਨਵੇਂ ਮੁਕਾਮ ਹਾਸਲ ਕਰੇਗਾ ਅਤੇ ਆਪਣੀ ਸ਼ਾਨਦਾਰ ਵਿਰਾਸਤ ਨੂੰ ਹੋਰ ਅੱਗੇ ਲੈ ਕੇ ਜਾਵੇਗਾ। ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰ ਬਲਵੰਤ ਸਿੰਘ ਬਾਂਗਾ (ਜਨਰਲ ਸਕੱਤਰ), ਅਮਰਦੀਪ ਸਿੰਘ (ਫ਼ਾਇਨਾਂਸ ਸਕੱਤਰ), ਗਰੁੱਪ ਸੀਈਓ ਡਾ. ਪੀਰ ਜੀਐੱਨ ਸੁਹੈਲ, ਡਾ. ਕਮਲਪ੍ਰੀਤ ਕੌਰ, ਡਾ. ਪ੍ਰਤਿਮਾ ਸ਼ਰਮਾ, ਡਾ. ਅਮਿਤ ਜੋਸ਼ੀ ਅਤੇ ਡਾ. ਕੁਮਾਰ ਗੌਰਵ ਨੇ ਡਾ. ਅਰਵਿੰਦਰ ਸਿੰਘ ਭੱਲਾ ਅਤੇ ਉਨ੍ਹਾਂ ਦੀ ਪਤਨੀ ਨਵਪ੍ਰੀਤ ਕੌਰ ਦਾ ਸਵਾਗਤ ਕੀਤਾ । ਗਰੁੱਪ ਸੀਈਓ ਡਾ. ਪੀਰ ਜੀਐੱਨ ਸੁਹੈਲ ਨੇ ਕਿਹਾ ਕਿ ਡਾ. ਭੱਲਾ ਇੱਕ ਗਤੀਸ਼ੀਲ ਅਤੇ ਪ੍ਰਗਤੀਸ਼ੀਲ ਸੋਚ ਦੇ ਧਨੀ ਹਨ । ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਸਭਦ ਦਾ ਧੰਨਵਾਦ ਕਰਦਿਆਂ ਪ੍ਰਬੰਧਕੀ ਕਮੇਟੀ ਅਤੇ ਸਾਰੇ ਸਟਾਫ਼ ਦੀਆਂ ਆਸਾਂ ’ਤੇ ਪੂਰਾ ਉਤਰਨ ਦਾ ਭਰੋਸਾ ਦਿੱਤਾ ਅਤੇ ਯਕੀਨ ਦਿਵਾਇਆ ਕਿ ਉਹ ਸੰਸਥਾ ਦੇ ਸਾਰੇ ਮੈਂਬਰਾਂ ਨਾਲ ਮਿਲ ਕੇ ਇਸ ਸੰਸਥਾ ਦੇ ਅਕਾਦਮਿਕ ਮਿਆਰਾਂ ਅਤੇ ਸਭਿਆਚਾਰਕ ਵਿਰਾਸਤ ਨੂੰ ਹੋਰ ਬੁਲੰਦੀਆਂ ’ਤੇ ਲੈ ਕੇ ਜਾਣਗੇ। ਗਵਰਨਿੰਗ ਬਾਡੀ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਦੀਪ ਸਿੰਘ ਜੌਹਰ ਨੇ ਕਿਹਾ ਕਿ ਡਾ. ਭੱਲਾ ਦੀ ਅਗਵਾਈ ਵਿਦਿਆਰਥੀਆਂ ਅਤੇ ਸਟਾਫ਼ ਦੋਵਾਂ ਲਈ ਵਿਕਾਸ, ਅਨੁਸ਼ਾਸਨ ਅਤੇ ਨਵੀਨਤਾ ਦਾ ਮਾਹੌਲ ਪੈਦਾ ਕਰਨ ਵਿੱਚ ਮੀਲ ਪੱਥਰ ਸਾਬਤ ਹੋਵੇਗੀ।