ਬੀਬੀਐੱਮਬੀ ਵੱਲੋਂ ਮੁੜ ਪੰਜਾਬ ’ਤੇ ਨਿਸ਼ਾਨਾ
ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕੀਤਾ
Advertisement
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਨੇ ਅੱਜ ਅਸਿੱਧੇ ਤਰੀਕੇ ਨਾਲ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਹੈ। ਚੇਅਰਮੈਨ ਨੇ ਪੰਜਾਬ ’ਚ ਹੜ੍ਹਾਂ ਦੀ ਸਥਿਤੀ ਦੌਰਾਨ ਵੱਡੀ ਤਬਾਹੀ ਤੋਂ ਬਚਾਉਣ ’ਚ ਡੈਮਾਂ ਦੀ ਭੂਮਿਕਾ ਅਹਿਮ ਰਹਿਣ ਦਾ ਤਰਕ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਭਾਖੜਾ ਡੈਮ ਨੇ ਪਹਾੜਾਂ ਚੋਂ ਆਏ ਪਾਣੀ ਨੂੰ ਸੰਭਾਲਿਆ ਹੈ।
ਚੇਅਰਮੈਨ ਨੇ ਕਿਹਾ ਕਿ ਜੇਕਰ ਹਰਿਆਣਾ ਨੂੰ ਪਹਿਲਾਂ ਜ਼ਿਆਦਾ ਪਾਣੀ ਛੱਡਿਆ ਹੁੰਦਾ ਤਾਂ ਡੈਮ ’ਚ ਪਾਣੀ ਦਾ ਪੱਧਰ ਚਾਰ ਫੁੱਟ ਤੱਕ ਹੇਠਾਂ ਆ ਜਾਣਾ ਸੀ ਅਤੇ ਪਹਾੜਾਂ ਚੋਂ ਹੁਣ ਆਏ ਪਾਣੀ ਲਈ ਜਗ੍ਹਾ ਬਣ ਜਾਣੀ ਸੀ। ਦੱਸਣਯੋਗ ਹੈ ਕਿ ਹੜ੍ਹਾਂ ਦੀ ਸਥਿਤੀ ਤੋਂ ਕੁੱਝ ਸਮਾਂ ਪਹਿਲਾਂ ਹਰਿਆਣਾ ਨੇ ਪੰਜਾਬ ਤੋਂ ਵਾਧੂ ਪਾਣੀ ਦੀ ਮੰਗ ਕੀਤੀ ਸੀ ਅਤੇ ਪੰਜਾਬ ਨੇ ਸਾਫ਼ ਇਨਕਾਰ ਕਰ ਦਿੱਤਾ ਸੀ। ਉਸ ਵਕਤ ਪੰਜਾਬ ਤੇ ਹਰਿਆਣਾ ਦਰਮਿਆਨ ਕਾਫ਼ੀ ਤਣਾਤਣੀ ਵੀ ਬਣੀ ਰਹੀ ਸੀ।
ਹਰਿਆਣਾ ਤੇ ਰਾਜਸਥਾਨ ਨੇ ਲੰਘੇ ਕੱਲ੍ਹ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਆਪੋ-ਆਪਣੀਆਂ ਨਹਿਰਾਂ ’ਚ ਪਾਣੀ ਦੀ ਮੰਗ ਜ਼ੀਰੋ ਕਰ ਦਿੱਤੀ ਸੀ। ਇੱਧਰ ਅੱਜ ਬੀਬੀਐੱਮਬੀ ਦੇ ਚੇਅਰਮੈਨ ਨੇ ਅੱਜ ਪ੍ਰੈੱਸ ਕਾਨਫ਼ਰੰਸ ਕਰਕੇ ਜਿੱਥੇ ਡੈਮਾਂ ਵਿਚਲੇ ਪਾਣੀ ਬਾਰੇ ਅੰਕੜੇ ਸਾਂਝੇ ਕੀਤੇ, ਉੱਥੇ ਅਸਿੱਧੇ ਤੌਰ ’ਤੇ ਹਰਿਆਣਾ ਨੂੰ ਪਿਛਲੇ ਸਮੇਂ ਦੌਰਾਨ ਵਾਧੂ ਪਾਣੀ ਨਾ ਛੱਡੇ ਜਾਣ ਨੂੰ ਲੈ ਕੇ ਪੰਜਾਬ ਨੂੰ ਨਿਸ਼ਾਨੇ ’ਤੇ ਲਿਆ।
Advertisement