'Batoge toh Lutoge': ਟਿਕੈਤ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਇਕਜੁੱਟ ਹੋਣ ਦਾ ਸੱਦਾ
ਕਰਨਾਲ, 16 ਦਸੰਬਰ
ਸੰਯੁਕਤ ਕਿਸਾਨ ਮੋਰਚਾ ਆਗੂ ਰਾਕੇਸ਼ ਟਿਕੈਤ ਨੇ ਅੱਜ ਮੁੜ ਕਿਸਾਨ ਜਥੇਬੰਦੀਆਂ ਨੂੰ ਇਕਜੁੱਟ ਹੋ ਕੇ ਲੜਨ ਦਾ ਸੱਦਾ ਦਿੰਦਿਆਂ ਕਿਹਾ ਕਿ ‘ਬਟੋਗੇ ਤੋੋ ਲੁਟੋਗੇ’। ਟਿਕੈਤ ਨੇ ਇਹ ਸੱਦਾ ਅਜਿਹੇ ਮੌਕੇ ਦਿੱਤਾ ਹੈ ਜਦੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਖਨੌਰੀ ਬਾਰਡਰ ’ਤੇ ਰੱਖਿਆ ਮਰਨ ਵਰਤ 21ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ। ਟਿਕੈਤ ਨੇ ਡੱਲੇਵਾਲ ਦੀ ਨਿੱਘਰਦੀ ਸਿਹਤ ’ਤੇ ਫ਼ਿਕਰ ਜਤਾਇਆ ਹੈ। ਅੰਬਾਲਾ, ਸੋਨੀਪਤ ਤੇ ਹਿਸਾਰ ਸਣੇ ਹਰਿਆਣਾ ਵਿਚ ਕੁਝ ਥਾਵਾਂ ਉੱਤੇ ਕਿਸਾਨਾਂ ਨੇ ਅੱਜ ਖਨੌਰੀ ਤੇ ਸ਼ੰਭੂ ਬਾਰਡਰਾਂ ’ਤੇ ਪ੍ਰਦਰਸ਼ਨਕਾਰੀ ਕਿਸਾਨਾਂ ਵੱਲੋਂ ਲਾਏ ਧਰਨੇ ਦੀ ਹਮਾਇਤ ਵਿਚ ਟਰੈਕਟਰ ਮਾਰਚ ਕੱਢਿਆ। ਪਿਛਲੇ ਹਫ਼ਤੇ ਡੱਲੇਵਾਲ ਨੂੰ ਖਨੌਰੀ ਬਾਰਡਰ ’ਤੇ ਮਿਲਣ ਵਾਲੇ ਟਿਕੈਤ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ੋਰ ਦਿੱਤਾ ਕਿ ਕਿਸਾਨ ਜਥੇਬੰਦੀਆਂ ਨੂੰ ਆਪਣੀਆਂ ਮੰਗਾਂ ਦੀ ਹਮਾਇਤ ਲਈ ਸਾਂਝੀ ਲੜਾਈ ਵਾਸਤੇ ‘ਇਕਜੁੱਟ ਰਹਿਣਾ’ ਹੋਵੇਗਾ। ਉਨ੍ਹਾਂ ਕਿਹਾ, ‘‘ਬਟੋਗੇ ਤੋ ਲੁਟੋਗੇ, ਸਬਕੋ ਇਕੱਠੇ ਰਹਿਨਾ ਪੜੇਗਾ।’’ ਚੇਤੇ ਰਹੇ ਕਿ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਐਤਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਨੂੰ ਪੱਤਰ ਲਿਖ ਕੇ ਪੰਜਾਬ ਹਰਿਆਣਾ ਦੀਆਂ ਸਰਹੱਦਾਂ ਉੱਤੇ ਚੱਲ ਰਹੇ ਕਿਸਾਨ ਅੰਦੋਲਨਾਂ ਦੀ ਮਜ਼ਬੂਤੀ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ ਸੀ। -ਪੀਟੀਆਈ