ਬਾਸਕਟਬਾਲ ਹਾਦਸਾ: ਮ੍ਰਿਤਕਾਂ ਦੇ ਵਾਰਸਾਂ ਲਈ 5-5 ਲੱਖ ਰੁਪਏ ਮੁਆਵਜ਼ੇ ਦਾ ਐਲਾਨ, ਜਾਂਚ ਦੇ ਹੁਕਮ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਝੱਜਰ ਦੇ ਬਹਾਦਰਗੜ੍ਹ ਅਤੇ ਰੋਹਤਕ ਜ਼ਿਲ੍ਹੇ ਦੇ ਲਾਖਣ ਮਾਜਰਾ ਵਿੱਚ ਦੋ ਨੌਜਵਾਨ ਬਾਸਕਟਬਾਲ ਖਿਡਾਰੀਆਂ ਦੀ ਅਚਾਨਕ ਹੋਈਆਂ ਦੁਰਘਟਨਾਵਾਂ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਬਹਾਦਰਗੜ੍ਹ ਦਾ ਅਮਨ ਅਤੇ ਲਾਖਣ ਮਾਜਰਾ ਦਾ ਹਾਰਦਿਕ ਅਭਿਆਸ ਸੈਸ਼ਨਾਂ ਦੌਰਾਨ ਬਾਸਕਟਬਾਲ ਦੇ ਪੋਲ ਡਿੱਗਣ ਕਾਰਨ ਵੱਖ-ਵੱਖ ਹਾਦਸਿਆਂ ਵਿੱਚ ਮਾਰੇ ਗਏ ਸਨ। ਮੁੱਖ ਮੰਤਰੀ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਇੱਕ ਬਿਆਨ ਵਿੱਚ ਕਿਹਾ, "ਦੁੱਖ ਦੀ ਇਸ ਘੜੀ ਵਿੱਚ ਹਰਿਆਣਾ ਸਰਕਾਰ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਖੜ੍ਹੀ ਹੈ।"
ਸੈਣੀ ਨੇ ਸੂਬੇ ਦੀਆਂ ਸਾਰੀਆਂ ਖੇਡ ਸਹੂਲਤਾਂ ਦੀ ਚੰਗੀ ਤਰ੍ਹਾਂ ਜਾਂਚ ਕਰਵਾਉਣ ਦੇ ਵੀ ਹੁਕਮ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਸੁਰੱਖਿਆ ਅਤੇ ਸਲਾਮਤੀ ਸਰਕਾਰ ਦੀ ਮੁੱਖ ਤਰਜੀਹ ਹੈ। ਮੁੱਖ ਮੰਤਰੀ ਨੇ ਖੇਡ ਵਿਭਾਗ ਨੂੰ ਖੇਡ ਸਹੂਲਤਾਂ ਦੀ ਸਹੀ ਮੁਰੰਮਤ ਅਤੇ ਸਾਂਭ-ਸੰਭਾਲ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਸਬੰਧਤ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਅਜਿਹੇ ਹਾਦਸੇ ਦੁਬਾਰਾ ਨਾ ਵਾਪਰਨ।
