ਬਾਬਾ ਸ੍ਰੀ ਚੰਦ ਦਾ ਪ੍ਰਕਾਸ਼ ਪੁਰਬ ਮਨਾਇਆ
ਬਾਬਾ ਸ੍ਰੀ ਚੰਦ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡੇਰਾ ਉਦਾਸੀਨ ਬ੍ਰਹਮ ਅਖਾੜਾ ਮੰਡੀ ਸਾਹਿਬ ਵਿੱਚ ਸੰਤ ਸਮਾਗਮ ਕਰਵਾਇਆ ਗਿਆ| ਡੇਰਾ ਮੁਖੀ ਸੰਤ ਬਾਬਾ ਗੁਰਵਿੰਦਰ ਸਿੰਘ ਦੀ ਹਾਜ਼ਰੀ ਵਿੱਚ ਸਿੱਖ ਸੰਪਰਦਾਵਾਂ, ਰਾਗੀ ਢਾਡੀ ਜਥਿਆਂ ਅਤੇ ਸੰਤਾਂ ਮਹਾਂਪੁਰਸ਼ਾਂ ਨੇ ਸੰਗਤ ਨੂੰ ਬਾਬਾ ਸ੍ਰੀ ਚੰਦ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਸੰਤ ਬਾਬਾ ਗੁਰਵਿੰਦਰ ਸਿੰਘ ਵੱਲੋਂ ਡੇਰੇ ਰਾਹੀਂ ਨੌਜਵਾਨ ਪੀੜ੍ਹੀ ਨੂੰ ਧਰਮ ਨਾਲ ਜੋੜ ਕੇ ਨਸ਼ਾ, ਦਾਜ, ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਕਰਕੇ ਕੀਤੇ ਗਏ ਲੋਕ ਭਲਾਈ ਦੇ ਕੰਮ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਵਸ ਦੇਸ਼ ਭਰ ਵਿੱਚ ਸ਼ਰਧਾ ਨਾਲ ਮਨਾਏਗੀ।ਬਾਬਾ ਗੁਰਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਬਾਬਾ ਸ੍ਰੀ ਚੰਦ ਧਰਤੀ ’ਤੇ ਆਏ ਸਨ, ਤਾਂ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਹੁਕਮ ’ਤੇ ਸਿੱਖ ਪਰੰਪਰਾ ਨੂੰ ਅੱਗੇ ਵਧਾਇਆ। ਸਿੱਖ ਧਰਮ ਨੇ ਗੁਰੂ ਨਾਨਕ ਦੇਵ ਦੇ ਦਰਸਾਏ ਮਾਰਗ ’ਤੇ ਚੱਲ ਕੇ ਮਨੁੱਖੀ ਸੇਵਾ ਦੇ ਖੇਤਰ ਵਿੱਚ ਦੁਨੀਆ ਭਰ ਵਿੱਚ ਆਪਣੀ ਇੱਕ ਵਿਲੱਖਣ ਪਛਾਣ ਬਣਾਈ ਹੈ। ਇਸ ਮੌਕੇ ਸੰਤ ਅਵਤਾਰ ਸਿੰਘ ਸੁਰ ਸਿੰਘ ਵਾਲੇ, ਬਾਬਾ ਚਰਨਜੀਤ ਸਿੰਘ, ਭਾਈ ਸਵਰਨ ਸਿੰਘ, ਬਾਬਾ ਅਮੀਰ ਸਿੰਘ ਜਵੱਦੀ ਟਕਸਾਲ, ਇੰਦਰਜੀਤ ਸਿੰਘ ਨੱਤ, ਢਾਡੀ ਜਥਾ ਦਲੇਰ ਕੌਰ ਖਾਲਸਾ, ਬਾਬਾ ਸਰਵਜੋਤ ਸਿੰਘ ਬੇਦੀ ਸਮੇਤ ਕਈ ਵਿਦਵਾਨ ਅਤੇ ਹਜ਼ਾਰਾਂ ਸ਼ਰਧਾਲੂ ਮੌਜੂਦ ਸਨ।
