ਭਰੂਣ ਹੱਤਿਆ ਖਿਲਾਫ਼ ਜਾਗਰੂਕਤਾ ਮੁਹਿੰਮ
ਭਰੂਣ ਹੱਤਿਆ ਖਿਲਾਫ਼ ਆਸ਼ਾ ਵਰਕਰਸ ਯੂਨੀਅਨ ਹਰਿਆਣਾ ਵੱਲੋਂ ਸੂਬੇ ਪੱਧਰ ’ਤੇ ਚਲਾਏ ਜਾ ਰਹੇ ਜਾਗਰੂਕਤਾ ਅਭਿਆਨ ਤਹਿਤ ਦਾ ਉਨ੍ਹਾਂ ਦਾ ਜਥਾ ਜੀਂਦ ਦੇ ਜੁਲਾਨਾ ਦੇ ਪਿੰਡ ਲਿਜਵਾਨਾਕਲਾਂ, ਸ਼ਾਮਲੋਂਕਲਾਂ, ਨਿਡਾਨਾ ਅਤੇ ਹੋਰ ਪਿੰਡਾਂ ਵਿੱਚ ਪੁੱਜਾ। ਜਿੱਥੇ ਵੱਖ-ਵੱਖ ਜਥੇਬੰਦੀਆਂ, ਸਮਾਜਿਕ ਵਰਕਰਾਂ, ਸਰਪੰਚ ਅਤੇ ਸਿਹਤ ਕਰਮੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਇਸ ਅਭਿਆਨ ਤਹਿਤ ਸਮਾਜ ਵਿੱਚ ਕੁੜੀਆਂ ਦੇ ਜਨਮ ਨੂੰ ਸਨਮਾਨ ਦੇਣਾ, ਭਰੂਣ ਹੱਤਿਆ ਜਿਹੀ ਬੁਰਾਈ ਦੇ ਖਿਲਾਫ ਜਾਗਰੂਕ ਕਰਨਾ ਅਤੇ ਪਰਿਵਾਰਾਂ ਨੂੰ ਸਿਹਤ ਸੇਵਾਵਾਂ ਅਤੇ ਯੋਜਨਾਵਾਂ ਪ੍ਰਤੀ ਜਾਗਰੂਕ ਕਰਨਾ ਹੈ। ਜਥੇ ਦੀ ਅਗਵਾਈ ਯੂਨੀਅਨ ਦੀ ਸਟੇਟ ਜਨਰਲ ਸਕੱਤਰ ਸੁਰੇਖਾ, ਮੀਤ ਪ੍ਰਧਾਨ ਅਨੀਤਾ, ਜ਼ਿਲ੍ਹਾ ਪ੍ਰਧਾਨ ਨੀਲਮ, ਸਕੱਤਰ ਰਾਜਬਾਲਾ ਅਤੇ ਹੋਰ ਆਗੂਆਂ ਨੇ ਕੀਤੀ। ਪ੍ਰੋਗਰਾਮ ਵਿੱਚ ਸਥਾਨਕ ਮਹਿਲਾਵਾਂ, ਨੌਜਵਾਨਾਂ, ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਆਮ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸੰਬੋਧਨ ਕਰਦੇ ਹੋਏ ਸੁਰੇਖਾ ਨੇ ਕਿਹਾ ਕਿ ਭਰੂਣ ਹੱਤਿਆ ਇੱਕ ਸਮਾਜਿਕ ਅਪਰਾਧ ਹੈ, ਜੋ ਨਾ ਕੇਵਲ ਕੁੜੀਆਂ ਦੇ ਜੀਵਨ ’ਤੇ ਖ਼ਤਰਾ ਹੈ, ਬਲਕਿ ਸਮਾਜ ਦੇ ਸੰਤੁਲਨ ਨੂੰ ਵੀ ਵਿਗਾੜ ਦਿੰਦਾ ਹੈ। ਇਸ ਦੇ ਲਈ ਸਾਨੂੰ ਹਰ ਪਰਿਵਾਰ ਤਕ ਪਹੁੰਚ ਕੇ ਉਨ੍ਹਾਂ ਨੂੰ ਜਾਗਰੂਕ ਕਰਨ ਦੀ ਲੌੜ ਹੈ, ਤਾਂ ਜੋ ਉਹ ਕੁੜੀਆਂ ਨੂੰ ਸਨਮਾਨ ਦੇ ਨਾਲ-ਨਾਲ ਬਰਾਬਰ ਅਧਿਕਾਰ ਅਤੇ ਸੁੱਰਖਿਆ ਦੇਣ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰ ਸਮਾਜ ਵਿੱਚ ਇਸ ਬਦਲਾਅ ਲਈ ਅਹਿਮ ਭੁਮਿਕਾ ਨਿਭਾਉਣਗੀਆਂ। ਨੀਲਮ ਨੇ ਕਿਹਾ ਕਿ ਸਾਡਾ ਟੀਚਾ ਹਰ ਘਰ ਤਕ ਇਹ ਸੰਦੇਸ਼ ਪਹੁੰਚਾਣਾ ਹੈ ਕਿ ਕੁੜੀਆਂ ਬੋਝ ਨਹੀਂ, ਸਗੋਂ ਸਮਾਜ ਦੀ ਤਾਕਤ ਹਨ।