ਸਤਲੁਜ ਸਕੂਲ ’ਚ ਸਨਮਾਨ ਸਮਾਗਮ ਕਰਵਾਇਆ
ਭਾਰਤ ਵਿਕਾਸ ਪਰਿਸ਼ਦ ਦੀ ਸਥਾਨਕ ਇਕਾਈ ਵੱਲੋਂ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਦੇ ਮੈਦਾਨ ਵਿਚ ਗੁਰੂ ਵੰਦਨ ਵਿਦਿਆਰਥੀ ਸਨਮਾਨ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਸਕੂਲ ਦੇ ਪ੍ਰਿੰਸੀਪਲ ਡਾ. ਆਰ ਐੱਸ ਘੁੰਮਣ, ਵਾਈਸ ਪ੍ਰਿੰਸੀਪਲ ਸਤਬੀਰ ਸਿੰਘ ਅਤੇ ਮਨਦੀਪ ਕੁਮਾਰ ਨੂੰ ਸਰਵੋਤਮ ਅਧਿਆਪਕ ਪੁਰਸਕਾਰ ਨਾਲ ਸਨਮਾਨਿਆ ਗਿਆ। ਇਸ ਦੇ ਨਾਲ ਹੀ 12ਵੀਂ ਜਮਾਤ ਦੀ ਵਿਦਿਆਰਥਣ ਸਿਮਰਨਜੀਤ ਕੌਰ ਅਤੇ ਸ਼ਵੇਤਾ ਨੂੰ ਸਰਵੋਤਮ ਪ੍ਰਤਿਭਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ਼ ਨੇ ਪਰਿਸ਼ਦ ਦੇ ਮੈਂਬਰਾ ਦਾ ਫੁੱਲਾਂ ਦੇ ਹਾਰ ਪਾ ਸਵਾਗਤ ਕੀਤਾ। ਭਾਰਤ ਵਿਕਾਸ ਦੇ ਮੁਖੀ ਦੀਪਕ ਆਰੀਆ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਦਿਆਰਥੀਆਂ ਨੂੰ ਹਮੇਸ਼ਾ ਆਪਣੇ ਅਧਿਆਪਕਾਂ ਦੇ ਦਰਸਾਏ ਰਾਹ ’ਤੇ ਚੱਲਣਾ ਚਾਹੀਦਾ ਹੈ ਉਨ੍ਹਾਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ, ਲਗਨ ਅਤੇ ਅਨੁਸ਼ਾਸ਼ਨ ਵਿਚ ਰਹਿ ਕੇ ਅੱਗੇ ਵੱਧਣ ਲਈ ਕਿਹਾ। ਪਰਿਸ਼ਦ ਦੇ ਮੈਂਬਰ ਪਰਮਜੀਤ ਪਾਹਵਾ ਅਤੇ ਅਮਿਤ ਅਗਰਵਾਲ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਕ ਵਿਦਿਆਰਥੀਆਂ ਵਿਚ ਇੰਨੀ ਹਿੰਮਤ ਅਤੇ ਤਾਕਤ ਹੁੰਦੀ ਹੈ ਉਹ ਆਪਣੇ ਜ਼ਿੰਦਗੀ ਦੇ ਸਭ ਤੋਂ ਔਖੇ ਟੀਚਿਆਂ ਨੂੰ ਵੀ ਪ੍ਰਾਪਤ ਕਰ ਸਕਦੇ ਹਨ। ਸਕੂਲ ਪ੍ਰਿੰਸੀਪਲ ਵੱਲੋਂ ਪਰਿਸ਼ਦ ਮੁਖੀ ਦੀਪਕ ਆਰੀਆ ਨੂੰ ਯਾਦਗਾਰੀ ਚਿੰਨ੍ਹ ਅਤੇ ਸ਼ਾਲ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਮੰਚ ਦਾ ਸੰਚਾਲਨ ਅਰਸ਼ਦੀਪ ਕੌਰ ਨੇ ਬਾਖੂਬੀ ਕੀਤਾ। ਇਸ ਮੌਕੇ ਰਵਨੀਸ਼ ਕਟਾਰੀਆ, ਹਰਪਾਲ ਸੈਣੀ, ਸੁਨੀਲ ਗੁਪਤਾ, ਅਨਿਲ ਅਰੋੜਾ, ਸਕੂਲ ਪ੍ਰਬੰਧਕ, ਸਕੂਲ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।