ਜੂਡੋ ’ਚ ਅਵਜੋਤ ਨੇ ਸੋਨ ਤਗ਼ਮਾ ਜਿੱਤਿਆ
ਮਾਤਾ ਰੁਕਮਣੀ ਰਾਏ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਜੂਡੋ ਖਿਡਾਰੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਦੇ ਵਿਦਿਆਰਥੀ ਅਵਜੋਤ ਨੇ ਸੂਬਾ ਪੱਧਰੀ ਮੁਕਾਬਲੇ ਵਿੱਚ ਸੋਨ ਤਗਮਾ ਜਿੱਤ ਕੇ ਰਾਸ਼ਟਰੀ ਪੱਧਰ ਲਈ ਕੁਆਲੀਫਾਈ ਕੀਤਾ ਹੈ। ਜਾਣਕਾਰੀ ਅਨੁਸਾਰ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਅਵਜੋਤ ਨੇ ਜੂਨੀਅਰ ਵਰਗ ਦੇ 66 ਕਿਲੋਗ੍ਰਾਮ ਭਾਰ ਵਰਗ ਵਿੱਚ ਸੂਬਾ ਪੱਧਰੀ ਜੂਡੋ ਮੁਕਾਬਲੇ ਵਿੱਚ ਹਿੱਸਾ ਲੈਂਦਿਆਂ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗ਼ਮਾ ਆਪਣੇ ਨਾਂ ਕੀਤਾ। ਇਸ ਸ਼ਾਨਦਾਰ ਜਿੱਤ ਨਾਲ ਉਸ ਦੀ ਚੋਣ ਪਟਨਾ (ਬਿਹਾਰ) ਵਿੱਚ ਹੋਣ ਵਾਲੇ ਰਾਸ਼ਟਰੀ ਮੁਕਾਬਲੇ ਲਈ ਹੋ ਗਈ ਹੈ। ਇਸੇ ਤਰ੍ਹਾਂ ਗਿਆਰ੍ਹਵੀਂ ਜਮਾਤ ਦੇ ਹੀ ਇੱਕ ਹੋਰ ਹੋਣਹਾਰ ਖਿਡਾਰੀ ਜਸ਼ਨ ਨੇ 83 ਕਿਲੋਗ੍ਰਾਮ ਭਾਰ ਵਰਗ ਵਿੱਚ ਤੀਜਾ ਸਥਾਨ ਪ੍ਰਾਪਤ ਕਰਦਿਆਂ ਕਾਂਸੇ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਬਾਰ੍ਹਵੀਂ ਜਮਾਤ (ਸਾਇੰਸ) ਦੇ ਵਿਦਿਆਰਥੀ ਵਰਿੰਦਰ ਪ੍ਰਤਾਪ ਨੇ ਸੋਨੀਪਤ ਵਿੱਚ ਹੋਏ ਸੀ ਬੀ ਐੱਸ ਈ ਨਾਰਥ ਜ਼ੋਨ ਜੂਡੋ ਮੁਕਾਬਲੇ ਵਿੱਚ 81 ਕਿਲੋਗ੍ਰਾਮ ਤੋਂ ਘੱਟ ਭਾਰ ਵਰਗ ਵਿੱਚ ਕਾਂਸੇ ਦਾ ਤਗਮਾ ਜਿੱਤ ਕੇ ਸਕੂਲ ਦਾ ਮਾਣ ਵਧਾਇਆ ਹੈ। ਪ੍ਰਬੰਧਕ ਕਮੇਟੀ ਦੇ ਮੈਂਬਰਾਂ ਮੈਨੇਜਰ ਰਾਮ ਲਾਲ, ਕੁਲਦੀਪ ਗੁਪਤਾ, ਮਹਿੰਦਰ ਕਾਂਸਲ ਅਤੇ ਸਕੂਲ ਦੀ ਪ੍ਰਿੰਸੀਪਲ ਪ੍ਰੋਮਿਲਾ ਸ਼ਰਮਾ ਨੇ ਜੇਤੂ ਖਿਡਾਰੀਆਂ ਦੇ ਸਕੂਲ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਅਤੇ ਸਨਮਾਨਿਤ ਕੀਤਾ।