ਡਿਪਟੀ ਸਪੀਕਰ ਵੱਲੋਂ ਪਿੰਡਾਂ ਦਾ ਦੌਰਾ
ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਨ ਮਿੱਢਾ ਨੇ ਜੀਂਦ ਹਲਕੇ ਦੇ ਅੱਧਾ ਦਰਜਨ ਪਿੰਡਾਂ ਦਾ ਦੌਰਾ ਕਰਦੇ ਹੋਏ ਹਰ ਪਿੰਡ ਵਿੱਚ ਲੋਕਾਂ ਦੀਆਂ ਸੱਮਸਿਆਵਾਂ ਸੁਣੀਆਂ ਤੇ ਸਬੰਧਿਤ ਅਧਿਕਾਰੀਆਂ ਨੂੰ ਸੱਮਸਿਆਵਾਂ ਦਾ ਨਿਬੇੜਾ ਕਰਨ ਲਈ ਕਿਹਾ। ਪਿੰਡ ਬਰਸਾਨਾ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਹੋਏ ਉਨ੍ਹਾਂ ਨੇ ਪਿੰਡ ਬਰਸਾਨਾ ਵਿੱਚ ਮਹਿਲਾ ਪਾਰਕ ਬਣਵਾਉਣ ਦਾ ਐਲਾਨ ਕੀਤਾ ਤੇ ਸਾਫ-ਸਫਾਈ ਕਰਵਾਉਣ ਲਈ ਕਰਮਚਾਰੀਆਂ ਨੂੰ ਹਦਾਇਤਾਂ ਕੀਤੀਆਂ। ਪਿੰਡ ਖੁੰਘਾ ਵਿੱਚ ਸਟੇਡੀਅਮ ਦੀ ਚਾਰ ਦੀਵਾਰੀ, ਮੈਰਿਜ ਪੈਲੇਸ, ਬਾਲਮਿਕੀ ਚੌਪਾਲ ਦਾ ਬਰਾਮਦਾ, ਐੱਸ ਸੀ ਚੌਪਾਲ ਵਿੱਚ ਕਮਰਾ, ਪੀਣ ਦੇ ਪਾਣੀ ਦੀ ਪਾਈਪ ਲਾਈਨ ਦਰੁਸਤ ਅਤੇ ਵੱਖ-ਵੱਖ ਵਿਕਾਸ ਕੰਮ ਪੂਰੇ ਕਰਵਾਉਣ ਦਾ ਭਰੋਸਾ ਦਿੱਤਾ। ਇਸੇ ਤਰ੍ਹਾਂ ਪਿੰਡ ਲੋਹਚਵ ਵਿੱਚ ਪਿੰਡ ਵਾਸੀਆਂ ਦੀ ਮੰਗ ’ਤੇ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਨਸ਼ੇ ਦੀ ਰੋਕਥਾਮ ਲਈ ਪਿੰਡ ਪੱਧਰ ’ਤੇ ਵੀ ਕਮੇਟੀ ਬਣਾਈ ਜਾਵੇ, ਕਮੇਟੀ ਮੈਂਬਰਾਂ ਨੂੰ ਪੁਲੀਸ ਵੱਲੋਂ ਪੂਰਾ ਸਹਿਯੋਗ ਮਿਲੇਗਾ। ਇਸ ਤੋਂ ਪਹਿਲਾਂ ਪਿੰਡ ਨਿਰਜਨ ਵਿੱਚ ਪਹੁੰਚਣ ’ਤੇ ਪਿੰਡ ਵਾਸੀਆਂ ਵੱਲੋਂ ਡਿਪਟੀ ਸਪੀਕਰ ਦਾ ਨਿੱਘਾ ਸਵਾਗਤ ਕੀਤਾ ਗਿਆ। ਉੱਥੇ ਆਜ਼ਾਦ ਸਿੰਘ ਦੇ ਘਰ ਵਿੱਚ ਹੋਈ ਚੋਰੀ ਦੇ ਸਬੰਧ ਵਿੱਚ ਉਨ੍ਹਾਂ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਲੋਕਾਂ ਨੂੰ ਸਰਕਾਰ ਦੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਹਰ ਮਾਮਲੇ ਵਿੱਚ ਲੋਕਾਂ ਨਾਲ ਖੜ੍ਹੀ ਹੈ, ਉਨ੍ਹਾਂ ਕਿਹਾ ਕਿ ਸਰਕਾਰ ਹਰ ਵਰਗ ਦੇ ਲੋਕਾਂ ਦੀਆਂ ਸੱਮਸਿਆਵਾਂ ਪ੍ਰਤੀ ਪੂਰੀ ਫ਼ਿਕਰਮੰਦ ਹੈ।
