ਵੱਖ-ਵੱਖ ਸੂਬਿਆਂ ਦੇ ਕਲਾਕਾਰਾਂ ਨੇ ਲਾਈਆਂ ਰੌਣਕਾਂ
ਕੌਮਾਂਤਰੀ ਗੀਤਾ ਮਹਾਂਉਤਸਵ ਦਾ ਮੰਚ ਦੇਸ਼ ਦੀ ਸੰਸਕ੍ਰਿਤੀ ਤੇ ਕਾਰੀਗਰੀ ਦਾ ਮੁੱਖ ਕੇਂਦਰ ਬਣ ਗਿਆ ਹੈ। ਇਸ ਉਤਸਵ ਦੇ ਮੰਚ ’ਤੇ ਵੱਖ-ਵੱਖ ਸੂਬਿਆਂ ਦੀ ਕਾਰੀਗਰੀ ਤੇ ਲੋਕ ਸੱਭਿਆਚਾਰ ਨੂੰ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। ਕੌਮਾਂਤਰੀ ਗੀਤਾ ਮਹਾਂਉਤਸਵ ਦੇ ਸ਼ਿਲਪਕਾਰੀ ਤੇ ਸਰਸ ਮੇਲੇ ਦਾ ਅੱਜ ਚੌਥਾ ਦਿਨ ਸੀ ਅਤੇ ਸੈਲਾਨੀਆਂ ਦੀ ਗਿਣਤੀ ਵਿੱਚ ਰੋਜ਼ਾਨਾ ਲਗਾਤਾਰ ਵਾਧਾ ਹੋ ਰਿਹਾ ਹੈ। ਬ੍ਰਹਮਸਰੋਵਰ ਦੇ ਘਾਟਾਂ ’ਤੇ ਕਲਾਕਾਰਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕੁਝ ਘਾਟਾਂ ’ਤੇ ਪੰਜਾਬੀ, ਕੁਝ ’ਤੇ ਹਰਿਆਣਵੀ ਅਤੇ ਕਿਤੇ ਹਿਮਾਚਲ ਦਾ ਸਭਿਅਚਾਰਾ ਨੂੰ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਆਨੰਦ ਲੈਣ ਦੇ ਨਾਲ ਨਾਲ ਲੋਕ ਬ੍ਰਹਮ ਸਰੋਵਰ ਦੇ ਆਲੇ-ਦੁਆਲੇ ਲਾਏ ਸਰਸ ਅਤੇ ਸ਼ਿਲਪਕਾਰੀ ਮੇਲੇ ਵਿੱਚ ਵੀ ਪੁੱਜ ਰਹੇ ਹਨ। ਇਸ ਸਾਲ ਮੇਲੇ ਵਿੱਚ 800 ਸਟਾਲ ਲਗਾਏ ਗਏ ਹਨ। ਇਨ੍ਹਾਂ ਵਿੱਚ ਕੌਮੀ ਤੇ ਸੂਬਾ ਪੱਧਰੀ ਪੁਰਸਕਾਰ ਜੇਤੂ ਕਾਰੀਗਰ ਸ਼ਾਮਲ ਹਨ।
ਉੱਤਰੀ ਜੋਨ ਸਭਿਆਚਾਰਕ ਕਲਾ ਕੇਂਦਰ (ਐੱਨ ਜ਼ੈੱਡ ਸੀ ਸੀ) ਦੇ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਸੈਲਾਨੀ ਪੰਜਾਬ, ਹਿਮਾਚਲ, ਜੰਮੂ ਕਸ਼ਮੀਰ, ਉੱਤਰਖੰਡ, ਰਾਜਸਥਾਨ ਦੇ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਦਾ ਆਨੰਦ ਲੈ ਰਹੇ ਹਨ। ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਦੱਸਿਆ ਕਿ ਜਿੱਥੇ ਕੌਮਾਂਤਰੀ ਗੀਤਾ ਮਹਾਂਉਤਸਵ ਦਾ ਸ਼ਿਲਪ ਤੇ ਸਰਸ ਮੇਲਾ ਪੰਜ ਦਸੰਬਰ ਤਕ ਜਾਰੀ ਰਹੇਗਾ, ਉੱਥੇ ਇਹ ਸਮਾਗਮ ਦੇ 24 ਨਵੰਬਰ ਤੋਂ ਪਹਿਲੀ ਦਸੰਬਰ ਤਕ ਚੱਲਣਗੇ। ਮੁੱਖ ਸਮਾਗਮ ਬ੍ਰਹਮਸਰੋਵਰ ਪੁਰਸ਼ੋਤਮ ਪੁਰਾ ਬਾਗ ਵਿੱਚ ਹੋਣਗੇ। ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
