ਅਨਾਜ ਮੰਡੀ ’ਚ ਝੋਨੇ ਦੀ ਆਮਦ ਸ਼ੁਰੂ
ਇੱਥੋਂ ਦੀ ਅਨਾਜ ਮੰਡੀ ਬਾਬੈਨ ਵਿੱਚ ਇਸ ਸੀਜ਼ਨ ਦੀ ਪਹਿਲੀ ਝੋਨੇ ਦੀ ਢੇਰੀ ਕਿਸਾਨ ਸੁਰਜੀਤ ਸਿੰਘ ਲੈ ਕੇ ਪੁੱਜਾ। 1509 ਕਿਸਮ ਦਾ ਇਹ ਝੋਨਾ ਮਾਰਕੀਟ ਕਮੇਟੀ ਦੇ ਸਕੱਤਰ ਗੁਰਮੀਤ ਸਿੰਘ ਸੈਣੀ ਦੀ ਮੌਜੂਦਗੀ ਵਿਚ 3100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਿਆ। ਮੰਡੀ ਵਿਚ ਝੌਨੇ ਦੀ ਆਮਦ ਦੀ ਖੁਸ਼ੀ ਵਿਚ ਮਾਰਕੀਟ ਕਮੇਟੀ ਬਾਬੈਨ ਦੇ ਸਕੱਤਰ ਗੁਰਮੀਤ ਸਿੰਘ ਨੇ ਝੋਨਾ ਲਿਆਉਣ ਵਾਲੇ ਕਿਸਾਨ ਸੁਰਜੀਤ ਸਿੰਘ ਭੂਰੇ ਮਾਜਰਾ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮੌਜੂਦ ਕਿਸਾਨਾਂ, ਵਪਾਰੀਆਂ ਤੇ ਮਜਦੂਰਾਂ ਦਾ ਮੂੰਹ ਵੀ ਮਿੱਠਾ ਕਰਾਇਆ ਗਿਆ। ਮਾਰਕੀਟ ਕਮੇਟੀ ਦੇ ਸਕੱਤਰ ਗੁਰਮੀਤ ਸਿੰਘ ਸੈਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸੀਜ਼ਨ ਦੇ ਝੋਨੇ ਦੀ ਪਹਿਲੀ ਢੇਰੀ ਬਾਬੈਨ ਮੰਡੀ ਪਹੁੰਚ ਗਈ ਹੈ। ਉਨਾਂ ਕਿਹਾ ਕਿ ਗੋਇਲ ਐਂਟਰਪ੍ਰਾਈਜ਼ਿਜ਼ ਦੀ ਦੁਕਾਨ ’ਤੇ ਝੋਨਾ ਲਿਆਉਣ ਵਾਲੇ ਕਿਸਾਨ ਨੂੰ ਮਾਰਕੀਟ ਕਮੇਟੀ ਵਲੋਂ ਵੀ ਸਨਮਾਨਿਤ ਕੀਤਾ ਗਿਆ। ਉਨਾਂ ਕਿਹਾ ਕਿਸਾਨ ਨੂੰ ਝੋਨੇ ਦਾ ਚੰਗਾ ਭਾਅ ਮਿਲਿਆ ਹੈ। ਇਸ ਮੌਕੇ ਮੰਡੀ ਪ੍ਰਧਾਨ ਜਗਦੀਸ਼ ਢੀਂਗੜਾ ਨੇ ਕਿਹਾ ਕਿ ਅਨਾਜ ਮੰਡੀ ਐਸੋਸੀਏਸ਼ਨ ਬਾਬੈਨ, ਝੋਨੇ ਦੀ ਖਰੀਦ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸ਼ੈਲਰ ਮਾਲਕਾਂ ਦੇ ਨਾਲ ਨਾਲ ਪ੍ਰਾਈਵੇਟ ਡੀਲਰਾਂ ਦਾ ਪੂਰਾ ਸਮਰਥਨ ਕਰੇਗੀ।