ਤਿੰੰਨ ਕਿਲੋ ਭੁੱਕੀ ਸਣੇ ਗ੍ਰਿਫ਼ਤਾਰ
ਰਤੀਆ ਪੁਲੀਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਮੁਲਜ਼ਮ ਨੂੰ 3 ਕਿਲੋ ਭੁੱਕੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਬਬਨਪੁਰ ਵਾਸੀ ਸੁਰਜੇਵਾਨ ਉਰਫ਼ ਗੁਰਜੀਵਨ ਪੁੱਤਰ ਭੂਰਾ ਸਿੰਘ ਵਜੋਂ ਹੋਈ ਹੈ। ਰਤੀਆ ਦੇ ਸਦਰ ਥਾਣਾ ਦੇ ਇੰਚਾਰਜ ਇੰਸਪੈਕਟਰ ਬਿਜੇਂਦਰ ਸਿੰਘ ਨੇ ਦੱਸਿਆ ਕਿ ਮਹਿਮੜਾ ਪੁਲੀਸ ਚੌਕੀ ਦੇ ਇੰਚਾਰਜ ਏ ਐੱਸ ਆਈ ਜੋਤੀ ਪ੍ਰਸਾਦ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਬਨਪੁਰ ਪਿੰਡ ਦਾ ਰਹਿਣ ਵਾਲਾ ਗੁਰਜੀਵਨ ਸਿੰਘ ਆਪਣੇ ਘਰ ਦੇ ਵਿਹੜੇ ਵਿੱਚ ਝੋਨੇ ਦੀ ਪਰਾਲੀ ਹੇਠ ਲੁਕਾ ਕੇ ਭੁੱਕੀ ਵੇਚਣ ਦੀ ਤਿਆਰੀ ਕਰ ਰਿਹਾ ਹੈ।
ਇਸ ਸੂਚਨਾ ’ਤੇ ਤੁਰੰਤ ਕਾਰਵਾਈ ਕਰਦਿਆਂ ਐੱਨ ਡੀ ਪੀ ਐੱਸ ਐਕਟ ਦੀ ਧਾਰਾ 42 ਤਹਿਤ ਪੁਲੀਸ ਟੀਮ ਬਣਾਈ ਗਈ। ਕਾਨੂੰਨੀ ਪ੍ਰਕਿਰਿਆਵਾਂ ਦੀ ਪਾਲਣਾ ਕਰਦਿਆਂ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਮੁਲਜ਼ਮ ਦੇ ਘਰ ਦੀ ਤਲਾਸ਼ੀ ਲਈ ਗਈ। ਡੌਗ ਸਕੁਐਡ ਦੀ ਮਦਦ ਨਾਲ ਜਦੋਂ ਵਿਹੜੇ ਵਿੱਚ ਪਈ ਪਰਾਲੀ ਨੂੰ ਹਟਾਇਆ ਗਿਆ ਤਾਂ ਇੱਕ ਚਿੱਟੇ ਰੰਗ ਦਾ ਪਲਾਸਟਿਕ ਦਾ ਥੈਲਾ ਮਿਲਿਆ। ਜਾਂਚ ਕਰਨ ’ਤੇ ਇਸ ਥੈਲੇ ਵਿੱਚੋਂ 3 ਕਿਲੋ ਭੁੱਕੀ ਬਰਾਮਦ ਹੋਈ। ਪੁਲੀਸ ਨੇ ਬਰਾਮਦ ਹੋਏ ਨਸ਼ੀਲੇ ਪਦਾਰਥ ਨੂੰ ਮੌਕੇ ’ਤੇ ਹੀ ਸੀਲ ਕਰਕੇ ਕਬਜ਼ੇ ਵਿੱਚ ਲੈ ਲਿਆ ਅਤੇ ਸਾਰੀ ਕਾਰਵਾਈ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ ਗਈ।
ਇਸ ਸਬੰਧੀ ਮੁਲਜ਼ਮ ਖਿਲਾਫ਼ ਥਾਣਾ ਸਦਰ ਰਤੀਆ ਵਿੱਚ ਐੱਨ ਡੀ ਪੀ ਐੱਸ ਐਕਟ ਦੀ ਧਾਰਾ 15, 61, 85 ਤਹਿਤ ਮੁਕੱਦਮਾ ਨੰਬਰ 198 ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।
