ਸਵਾ ਸੱਤ ਕਿਲੋ ਭੁੱਕੀ ਸਣੇ ਕਾਬੂ
ਜ਼ਿਲ੍ਹਾ ਪੁਲੀਸ ਨੇ ਨਸ਼ਿਆਂ ਖ਼ਿਲਾਫ਼ ਮੁਹਿੰਮ ਦੌਰਾਨ ਇੱਕ ਵਿਅਕਤੀ ਨੂੰ ਸਵਾ ਸੱਤ ਕਿੱਲੋ ਤੋਂ ਵੱਧ ਭੁੱਕੀ ਸਣੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਮੁਲਜ਼ਮ ਦੀ ਪਛਾਣ ਮੁਹੰਮਦ ਇਰਫਾਨ ਉਰਫ ਸਲੀਮ ਵਾਸੀ ਭੂਰਾ ਕੰਡੇਲਾ ਜ਼ਿਲ੍ਹਾ ਸ਼ਾਮਲੀ ਹਾਲ ਵਾਸੀ ਨਿਊ ਮਾਡਲ ਟਾਊਨ ਸ਼ਾਹਬਾਦ ਵਜੋਂ ਹੋਈ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਸੈੱਲ ਦੇ ਇੰਚਾਰਜ ਸਤਵਿੰਦਰ ਸਿੰਘ ਦੀ ਅਗਵਾਈ ’ਚ ਪੁਲੀਸ ਟੀਮ ਸ਼ਾਹਬਾਦ ਬੱਸ ਅੱਡੇ ਕੋਲ ਮੌਜੂਦ ਸੀ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਮੁਹੰਮਦ ਇਰਫਾਨ ਉਰਫ ਸਲੀਮ ਨੇ ਵਿਨਾਇਕ ਸਿਟੀ ਕੋਲ ਚਾਹ ਦਾ ਖੋਖਾ ਬਣਾਇਆ ਹੋਇਆ ਹੈ ਚਾਹ ਦੇ ਖੋਖੇ ਦੀ ਆੜ ਵਿਚ ਚੂਰਾ ਪੋਸਤ ਵੇਚਣ ਦਾ ਕੰਮ ਕਰਦਾ ਹੈ ਤੇ ਅੱਜ ਵੀ ਉਹ ਆਪਣੇ ਖੋਖੇ ’ਤੇ ਚੂਰਾ ਪੋਸਤ ਵੇਚ ਰਿਹਾ ਹੈ। ਜੇਕਰ ਨਿਗਰਾਨੀ ਕੀਤੀ ਜਾਵੇ ਤਾਂ ਉਸ ਨੂੰ ਕਾਬੂ ਕੀਤਾ ਜਾ ਸਕਦਾ ਹੈ। ਪੁਲੀਸ ਅਨੁਸਾਰ ਮੌਕੇ ’ਤੇ ਰਾਜ ਪਾਤਰ ਅਧਿਕਾਰੀ ਨੂੰ ਬੁਲਾਇਆ ਗਿਆ। ਪੁਲੀਸ ਨੇ ਸ਼ੱਕ ਦੇ ਆਧਾਰ ’ਤੇ ਖੋਖੇ ਤੋਂ ਮੁਹੰਮਦ ਇਰਫਾਨ ਨੂੰ ਕਾਬੂ ਕੀਤਾ। ਖੋਖੇ ਦੀ ਤਲਾਸ਼ੀ ਲੈਣ ’ਤੇ ਉਸ ਦੇ ਕਬਜ਼ੇ ’ਚੋਂ 7 ਕਿਲੋ 380 ਗਰਾਮ ਭੁੱਕੀ ਬਰਾਮਦ ਕੀਤੀ। ਥਾਣਾ ਸ਼ਾਹਬਾਦ ਵਿੱਚ ਨਸ਼ੀਲਾ ਪਦਾਰਥ ਦੀ ਤਸਕਰੀ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਅਨੁਸਾਰ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮ ਕੋਲੋਂ ਪੁੱਛ-ਪੜਤਾਲ ਕੀਤੀ ਜਾਵੇਗੀ ਕਿ ਉਹ ਨਸ਼ਾ ਕਿੱਥੋਂ ਲੈ ਕੇ ਆਇਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
