ਨਿਵੇਸ਼ ਦੇ ਨਾਂ ’ਤੇ ਧੋਖਾਧੜੀ ਮਾਮਲੇ ’ਚ ਕਾਬੂ
ਫਤਿਹਾਬਾਦ ਸਿਟੀ ਪੁਲੀਸ ਸਟੇਸ਼ਨ ਨੇ ਕਾਲਾ ਸਿੰਘ ਉਰਫ਼ ਕਾਲੀ ਵਾਸੀ ਖੁਬਨ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਨੂੰ ਧੋਖਾਧੜੀ ਅਤੇ ਨਿਵੇਸ਼ ਲਈ ਲੁਭਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਤੋਂ ਪੁੱਛਗਿੱਛ ਜਾਰੀ ਹੈ। ਫਤਿਹਾਬਾਦ ਸਿਟੀ ਪੁਲੀਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਸੁਰੇਂਦਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਸਪ੍ਰੀਤ ਸਿੰਘ ਉਰਫ਼ ਜੱਸੀ ਵਾਸੀ ਗੁਰੂਨਾਨਕਪੁਰਾ ਮੁਹੱਲਾ ਫਤਿਹਾਬਾਦ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਦੋਸ਼ੀ ਵੱਖ-ਵੱਖ ਨੰਬਰਾਂ ਤੋਂ ਫੋਨ ਤੇ ਵਟ੍ਹਸਐਪ ਕਾਲ ਕਰ ਰਿਹਾ ਸੀ ਤੇ ਵੱਖ-ਵੱਖ ਨਾਵਾਂ ਦੀ ਵਰਤੋਂ ਕਰ ਰਿਹਾ ਸੀ। ਉਸ ਨੇ ਸ਼ਿਕਾਇਤਕਰਤਾ ਨੂੰ ਨਿਵੇਸ਼ ਦਾ ਲਾਲਚ ਦੇ ਕੇ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਤੇ ਲਗਾਤਾਰ ਡਰਾਉਣ ਦੀ ਕੋਸ਼ਿਸ਼ ਕੀਤੀ। ਸ਼ਿਕਾਇਤ ਦੇ ਅਨੁਸਾਰ ਪੁਲੀਸ ਨੇ ਕਾਨੂੰਨੀ ਕਾਰਵਾਈ ਕਰਦੇ ਹੋਏ ਦੋਸ਼ੀ ਕਾਲਾ ਸਿੰਘ ਉਰਫ਼ ਕਾਲੀ ਨੂੰ ਗ੍ਰਿਫ਼ਤਾਰ ਕਰ ਲਿਆ। ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ, ਉਸ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਲੈ ਲਿਆ ਗਿਆ ਹੈ। ਥਾਣਾ ਸਿਟੀ ਫਤਿਹਾਬਾਦ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਸ਼ਿਕਾਇਤਕਰਤਾ ਦੇ ਬਿਆਨ, ਮੋਬਾਈਲ ਕਾਲ ਵੇਰਵਿਆਂ ਤੇ ਹੋਰ ਸਬੂਤਾਂ ਦੇ ਆਧਾਰ ’ਤੇ ਆਪਣੀ ਜਾਂਚ ਕਰ ਰਹੀ ਹੈ।
