ਨਗਰ ਕੀਰਤਨ ਸਜਾਉਣ ਤੋਂ ਪਹਿਲਾਂ ਅਕਾਲ ਤਖ਼ਤ ਤੋਂ ਪ੍ਰਵਾਨਗੀ ਲਈ ਜਾਵੇ: ਝੀਂਡਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 14 ਜੁਲਾਈ
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਹੈ ਕਿ ਪੁਰਾਤਨ ਸਮੇਂ ਤੋਂ ਹੀ ਸਿੱਖ ਕੌਮ ਦੇ ਇਤਿਹਾਸਕ ਮੌਕਿਆਂ ਤੇ ਮਹਾਨ ਨਗਰ ਕੀਰਤਨ ਸਜਾਉਣ ਦੀ ਪਰੰਪਰਾ ਚਲ ਰਹੀ ਹੈ, ਪਰ ਦੁੱਖ ਦੀ ਗੱਲ ਹੈ ਕਿ ਵਰਤਮਾਨ ਵਿਚ ਰਾਜਸੀ ਤੇ ਆਰਥਿਕ ਲਾਭ ਲੈਣ ਲਈ ਵੱਖ-ਵੱਖ ਢੰਗਾਂ ਵਿਚ ਸੂਬਾ ਪੱਧਰੀ ਨਗਰ ਕੀਰਤਨ ਸਜਾਏ ਜਾ ਰਹੇ ਹਨ । ਸਿੱਖ ਪਰੰਪਰਾ ਤੇ ਗੁਰਮਰਿਆਦਾ ਨੂੰ ਆਪਣੇ ਨਿੱਜੀ ਮੁਫਾਦਾਂ ਦੀ ਪੂਰਤੀ ਲਈ ਪ੍ਰਯੋਗ ਕੀਤਾ ਜਾ ਰਿਹਾ ਹੈ, ਜੋ ਸਰਾਸਰ ਗਲਤ ਹੈ। ਇਸ ਸਬੰਧੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਅਕਾਲ ਤਖ਼ਤ ਨੂੰ ਪੱਤਰ ਲਿਖਿਆ ਗਿਆ ਹੈ। ਸੰਸਥਾ ਦੇ ਮੁੱਖ ਦਫਤਰ ਵਿਚ ਗੱਲਬਾਤ ਕਰਦਿਆਂ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਦੱਸਿਆ ਕਿ ਕਮੇਟੀ ਨੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਵਿਸ਼ੇ ਦੀ ਗੰਭੀਰਤਾ ਵੱਲ ਧਿਆਨ ਦਿੰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸਣੇ ਹੋਰ ਸਿੱਖ ਪ੍ਰਬੰਧਕ ਬੋਰਡ ਤੇ ਸਿੱਖ ਬੁਧੀਜੀਵੀਆਂ ਦੀ ਇਕਤੱਰਤਾ ਬੁਲਾਉਣ। ਇਸ ਵਿਚ ਇਸ ਸਬੰਧੀ ਵਿਚਾਰ ਕੀਤਾ ਜਾਵੇ। ਮਗਰੋਂ ਇਸ ਸਬੰਧੀ ਅਕਾਲ ਤਖਤ ਵੱਲੋਂ ਫੈਸਲਾ ਲੈ ਕੇ ਉਚਿਤ ਆਦੇਸ਼ ਜਾਰੀ ਕੀਤਾ ਜਾਵੇ। ਜਥੇਦਾਰ ਝੀਂਡਾ ਨੇ ਕਿਹਾ ਕਿ ਇਸ ਪੱਤਰ ਦੇ ਰਾਹੀਂ ਅਕਾਲ ਤਖਤ ਨਾਲ ਸੰਬਧਤ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ,ਸਿੱਖ ਸੰਸਥਾਵਾਂ ਨੂੰ ਆਦੇਸ਼ ਜਾਰੀ ਕੀਤਾ ਜਾਵੇ ਕਿ ਸੂਬਾ ਪੱਧਰੀ ਨਗਰ ਕੀਰਤਨ ਸਜਾਉਣ ਤੋਂ ਪਹਿਲਾਂ ਅਕਾਲ ਤਖ਼ਤ ਤੋਂ ਪ੍ਰਵਾਨਗੀ ਲਈ ਜਾਵੇ। ਇਸ ਦੇ ਨਾਲ ਹੀ ਪ੍ਰਕਾਸ਼ ਗੁਰਪੂਰਬ, ਸ਼ਹੀਦੀ ਦਿਹਾੜੇ ਆਦਿ ਮੌਕਿਆਂ ’ਤੇ ਸੂਬਾ ਪੱਧਰ ’ਤੇ ਸਿਰਫ ਇਕ ਹੀ ਨਗਰ ਕੀਤਰਨ ਸਜਾਇਆ ਜਾਏ। ਸ੍ਰੀ ਝੀਂਡਾ ਨੇ ਕਿਹਾ ਕਿ ਇਸ ਬਾਰੇ ਅਕਾਲ ਤਖ਼ਤ ਆਦੇਸ਼ ਜਾਰੀ ਕਰੇ ਤਾਂ ਜੋ ਗੁਰ ਮਰਿਆਦਾ, ਪੰਥਕ ਏਕਤਾ, ਆਪਸੀ ਪਿਆਰ ਤੇ ਇਤਫਾਕ ਬਰਕਰਾਰ ਰਹੇ। ਸਿੱਖ ਕੌਮ ਦੀਆਂ ਭਾਵਨਾਵਾਂ ਤੇ ਸਰਮਾਏ ਨੂੰ ਆਪਣੇ ਨਿੱਜੀ ਸੁਆਰਥਾਂ ਦੀ ਪੂਰਤੀ ਲਈ ਨਾ ਪ੍ਰਯੋਗ ਕੀਤਾ।