ਕਰੋੜਾਂ ਦੀ ਧੋਖਾਧੜੀ ਮਾਮਲੇ ’ਚ ਇੱਕ ਹੋਰ ਕਾਬੂ
ਪੁਲੀਸ ਨੇ ਨਿਵੇਸ਼ ਦੇ ਨਾਂ ’ਤੇ ਕਥਿਤ 40 ਤੋਂ 50 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਾਜਕੁਮਾਰ ਉਰਫ਼ ਰਾਜ ਸਿੰਗਲਾ ਵਾਸੀ ਵਾਰਡ ਨੰਬਰ 17 ਕੈਨਾਲ ਕਲੋਨੀ, ਰਤੀਆ ਵਜੋਂ ਹੋਈ ਹੈ। ਮਾਮਲੇ ਵਿੱਚ ਨੌਂ ਹੋਰ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਆਰਥਿਕ ਸੈੱਲ ਫਤਿਹਾਬਾਦ ਦੇ ਇੰਚਾਰਜ ਇੰਸਪੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਸਹਿਨਾਲ ਰਤੀਆ ਦੇ ਪਿੰਡ ਦੀ ਇੱਕ ਕੰਪਨੀ ‘ਫਰੰਟਲਾਈਨ ਕੰਸਲਟੈਂਸੀ ਐਂਡ ਸਰਵਿਸਿਜ਼ ਪ੍ਰਾਈਵੇਟ ਲਿਮਟਿਡ’ ਨਾਲ ਸਬੰਧਤ ਹੈ, ਜਿਸ ਨੇ ਮਹੀਨੇ ਵਿੱਚ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਪਿੰਡ ਵਾਸੀਆਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਸੀ।
ਅਮਰੀਕ ਸਿੰਘ ਵਾਸੀ ਪਿੰਡ ਸਹਿਨਾਲ ਨੇ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਤੇ ਕਿਹਾ ਕਿ ਕੰਪਨੀ ਸੰਚਾਲਕ ਡਾ. ਸੁਖਦੇਵ ਸਿੰਘ ਤੇ ਉਸ ਦੇ ਏਜੰਟਾਂ ਨੇ ਨਿਵੇਸ਼ ਦੇ ਨਾਂ ’ਤੇ ਉਸ ਕੋਲੋਂ ਤੇ ਪਿੰਡ ਦੇ ਹੋਰ ਲੋਕਾਂ ਤੋਂ ਲੱਖਾਂ ਰੁਪਏ ਇਕੱਠੇ ਕੀਤੇ। ਜਦੋਂ ਸ਼ਿਕਾਇਤਕਰਤਾ ਨੇ ਆਪਣੇ ਪੈਸੇ ਵਾਪਸ ਮੰਗੇ, ਤਾਂ ਮੁਲਜ਼ਮ ਤੇ ਉਸ ਦੇ ਸਾਥੀਆਂ ਨੇ ਨਾ ਸਿਰਫ਼ ਭੁਗਤਾਨ ਕਰਨ ਤੋਂ ਇਨਕਾਰ ਕਰ ਦਿੱਤਾ, ਸਗੋਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਸ਼ਿਕਾਇਤ ਦੇ ਆਧਾਰ ’ਤੇ ਸਦਰ ਰਤੀਆ ਪੁਲੀਸ ਸਟੇਸ਼ਨ ਨੇ ਜਾਂਚ ਕੀਤੀ ਤੇ ਪਾਇਆ ਕਿ ਮੁਲਜ਼ਮਾਂ ਨੇ ਲੋਕਾਂ ਨਾਲ ਧੋਖਾ ਕੀਤਾ ਹੈ ਤੇ ਲਗਪਗ 40 ਤੋਂ 50 ਕਰੋੜ ਰੁਪਏ ਗ਼ੈਰ-ਕਾਨੂੰਨੀ ਆਮਦਨ ਇਕੱਠੀ ਕੀਤੀ ਹੈ, ਜਿਸ ’ਤੇ ਮਾਮਲਾ ਦਰਜ ਕੀਤਾ ਗਿਆ। ਹੁਣ ਪੁਲੀਸ ਨੇ ਸਹਿ-ਮੁਲਜ਼ਮ ਰਾਜਕੁਮਾਰ ਉਰਫ਼ ਰਾਜ ਸਿੰਗਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ’ਚ ਅੱਗੇ ਦੀ ਜਾਂਚ ਜਾਰੀ ਹੈ।