ਅੰਬਾਲਾ ਪੁਲੀਸ ਵੱਲੋਂ ਚੋਰੀ ਤੇ ਸਨੈਚਿੰਗ ਦੇ ਮਾਮਲਿਆਂ ’ਚ 5 ਨੌਜਵਾਨ ਗ੍ਰਿਫਤਾਰ
ਅੰਬਾਲਾ ਪੁਲੀਸ ਵੱਲੋਂ ਚੋਰੀ, ਲੁੱਟ ਤੇ ਸਨੈਚਿੰਗ ਦੀਆਂ ਵਧ ਰਹੀਆਂ ਘਟਨਾਵਾਂ ’ਤੇ ਨਕੇਲ ਪਾਉਣ ਲਈ ਚਲ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਕਾਰਵਾਈਆਂ ਕਰਦਿਆਂ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਚੋਰੀ ਕੀਤਾ ਹੋਇਆ ਸਮਾਨ ਬਰਾਮਦ ਕੀਤਾ ਹੈ।
ਜਾਣਕਾਰੀ ਮੁਤਾਬਿਕ ਬਲਦੇਵ ਨਗਰ ਖੇਤਰ ਵਿੱਚ 2 ਅਕਤੂਬਰ ਨੂੰ ਘਰ ਵਿੱਚੋਂ ਪਾਣੀ ਦੀ ਮੋਟਰ ਚੋਰੀ ਕਰਨ ਵਾਲੇ ਸਾਹਿਲ ਉਰਫ਼ ਗੁੱਚੀ ਵਾਸੀ ਰਾਮ ਨਗਰ ਨੂੰ ਪੁਲੀਸ ਨੇ ਕਾਬੂ ਕਰਕੇ ਮੋਟਰ ਬਰਾਮਦ ਕੀਤੀ ਹੈ।
ਇਸੇ ਤਰ੍ਹਾਂ ਮਹੇਸ਼ਨਗਰ ਥਾਣੇ ਦੀ ਪੁਲੀਸ ਨੇ 1 ਅਕਤੂਬਰ ਨੂੰ ਇੰਡਸਟਰੀਅਲ ਏਰੀਆ ’ਚੋਂ ਸਮਾਨ ਚੋਰੀ ਕਰਨ ਵਾਲੇ ਸਨੀ ਵਾਸੀ ਸ਼ਿਵਪੁਰੀ ਨੂੰ ਗ੍ਰਿਫਤਾਰ ਕਰਕੇ ਚੋਰੀਸ਼ੁਦਾ ਸਮਾਨ ਹਾਸਲ ਕੀਤਾ।
ਸੀ.ਆਈ.ਏ.-2 ਦੀ ਟੀਮ ਨੇ ਮਹੇਸ਼ਨਗਰ ’ਚ ਦਰਜ ਸਨੈਚਿੰਗ ਮਾਮਲੇ ’ਚ ਤੁਰੰਤ ਕਾਰਵਾਈ ਕਰਦਿਆਂ ਲੁਧਿਆਣਾ ਨਿਵਾਸੀ ਦੋ ਨੌਜਵਾਨ ਆਕਾਸ਼ਦੀਪ ਸਿੰਘ ਤੇ ਲਖਬੀਰ ਸਿੰਘ ਨੂੰ ਕਾਬੂ ਕਰ ਲਿਆ। ਉਨ੍ਹਾਂ ਕੋਲੋਂ ਸੋਨੇ ਦੀ ਚੇਨ ਅਤੇ ਵਾਰਦਾਤ ਵਿੱਚ ਵਰਤੀ ਮੋਟਰਸਾਈਕਲ ਵੀ ਬਰਾਮਦ ਹੋਈ ਹੈ।
ਇਸੇ ਦੌਰਾਨ ਅੰਬਾਲਾ ਛਾਉਣੀ ਥਾਣੇ ਦੀ ਚੋਰੀ ਦੀ ਇੱਕ ਘਟਨਾ ਵਿੱਚ ਸੀ.ਆਈ.ਏ.-2 ਨੇ ਕਰੁਕਸ਼ੇਤਰ ਵਾਸੀ ਇੰਦਰ ਮੋਹਨ ਨੂੰ ਗ੍ਰਿਫਤਾਰ ਕਰਕੇ ਤਿੰਨ ਚੋਰੀਸ਼ੁਦਾ ਮੋਟਰਸਾਈਕਲ ਅਤੇ ਦੋ ਗੈਸ ਸਿਲੰਡਰ ਬਰਾਮਦ ਕੀਤੇ ਹਨ।