ਏਡਿਡ ਸਕੂਲਾਂ ਦਾ ਸਟਾਫ਼ ਨੂੰ ਚਾਰ ਮਹੀਨਿਆਂ ਤੋਂ ਨਹੀਂ ਮਿਲੀ ਤਨਖ਼ਾਹ
ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਤੇ ਹੋਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ, ਸੂਬਾ ਸਕੱਤਰ ਸ਼ਰਨਜੀਤ ਸਿੰਘ ਕੁਰਾਲੀ,ਪੈਨਸ਼ਨਰ ਸੈੱਲ ਦੇ ਸੂਬਾ ਪ੍ਰਧਾਨ ਗੁਰਚਰਨ ਸਿੰਘ ਚਾਹਲ ਅਤੇ ਸੂਬਾ ਸਕੱਤਰ ਐੱਨਐੱਨ ਸੈਣੀ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰਨ ਵਾਲੀ ਸਰਕਾਰ ਦੇ ਰਾਜ ਵਿਚ ਏਡਿਡ ਸਕੂਲਾਂ ਦੇ ਅਧਿਆਪਕ ਤਨਖਾਹਾਂ ਨੂੰ ਤਰਸ ਰਹੇੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਬੇਲੋੜੀਆਂ ਚਿੱਠੀਆਂ ਜਾਰੀ ਕਰਕੇ ਤਨਖਾਹ ਗਰਾਂਟਾਂ ਰੋਕੀ ਬੈਠਾ ਹੈ, ਜਿਸ ਕਾਰਨ ਸੂਬੇ ਦੇ ਹਜ਼ਾਰਾਂ ਏਡਡ ਅਧਿਆਪਕਾਂ ਨੂੰ ਮਾਰਚ-2025 ਤੋਂ ਬਾਅਦ ਤਨਖਾਹ ਨਹੀ ਮਿਲੀ ਹੈ।
ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੀਆਂ ਤਨਖਾਹ ਅਤੇ ਪੈਨਸ਼ਨਰਾਂ ਦੇ ਪੀਪੀਓ ਆਰਡਰ ਜਾਰੀ ਨਾ ਕਰਨ ਕਰਕੇ ਏਡਿਡ ਸਕੂਲਾਂ ਦੇ ਸਮੂਹ ਅਧਿਆਪਕਾਂ ਤੇ ਪੈਨਸ਼ਨਰਾਂ ਵੱਲੋਂ 12 ਅਗਸਤ ਨੂੰ ਡੀਪੀਆਈ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ,ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਨੂੰ ਅਪੀਲ ਕੀਤੀ ਕਿ ਯੂਨੀਅਨ ਨਾਲ ਪੈਨਲ ਮੀਟਿੰਗ ਕਰਕੇ ਅਧਿਆਪਕਾਂ ਤੇ ਪੈਨਸ਼ਨਰਾਂ ਦੇ ਮਸਲੇ ਤਰੁੰਤ ਹੱਲ ਕਰਵਾਉਣ। ਇਸ ਮੌਕੇ ਐਬਿਟ ਮਸੀਹ, ਅਸ਼ੋਕ ਵਡੇਰਾ, ਹਰਦੀਪ ਸਿੰਘ ਢੀਂਡਸਾ, ਜਗਜੀਤ ਸਿੰਘ ਗੁਜਰਾਲ, ਅਸ਼ਵਨੀ ਮਦਾਨ, ਪਰਮਜੀਤ ਸਿੰਘ ਗੁਰਦਾਸਪੁਰ ਅਤੇ ਰਵਿੰਦਰਜੀਤ ਪੂਰੀ ਹਾਜ਼ਰ ਸਨ।