ਖੇਤੀ ਵਿਭਾਗ ਦੀ ਟੀਮ ਵੱਲੋਂ ਬੀਜ ਤੇ ਖਾਦ ਡੀਲਰਾਂ ’ਤੇ ਛਾਪੇ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 18 ਜੂਨ
ਖੇਤੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਕਰਮ ਚੰਦ ਦੇ ਆਦੇਸ਼ਾਂ ਅਨੁਸਾਰ ਵਿਭਾਗ ਦੀ ਟੀਮ ਨੇ ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਵਿੱਚ ਉੱਚ ਗੁਣਵੱਤਾ ਵਾਲੇ ਉਤਪਾਦਾਂ ਦੀ ਉਪਲਬਧਤਾ ਦੇ ਸਬੰਧ ਵਿਚ ਕਈ ਡੀਲਰਾਂ ਦੀਆਂ ਦੁਕਾਨਾਂ ਦਾ ਅਚਾਨਕ ਨਿਰੀਖਣ ਕੀਤਾ ਤੇ ਵੱਖ ਵੱਖ ਸ਼੍ਰੇਣੀਆਂ ਵਿਚ ਜਾਂਚ ਲਈ 107 ਨਮੂਨੇ ਇਕੱਠੇ ਕੀਤੇ। ਟੀਮ ਮੈਂਬਰ ਕੁਆਲਿਟੀ ਕੰਟਰੋਲਰ ਇੰਸਪੈਕਟਰ ਸ਼ਸ਼ੀਪਾਲ ਤੇ ਸਹਾਇਕ ਪੌਦਾ ਸੁਰੱਖਿਆ ਅਧਿਕਾਰੀ ਅਨਿਲ ਚੌਹਾਨ ਨੇ ਕਈ ਡੀਲਰਾਂ ਦੀਆਂ ਦੁਕਾਨਾਂ ਦਾ ਅਚਨਚੇਤੀ ਨਿਰੀਖਣ ਕੀਤਾ। ਇਸ ਦੌਰਾਨ ਦੁਕਾਨਦਾਰਾਂ ਤੇ ਨਿਰਮਤਾਵਾਂ ਤੋਂ ਖਾਦ, ਕੀਟਨਾਸ਼ਕ ਤੇ ਬੀਜਾਂ ਦੇ ਨਮੂਨੇ ਇੱਕਠੇ ਕੀਤੇ ਗਏ। ਡਾ. ਕਰਮ ਚੰਦ ਨੇ ਕਿਹਾ ਕਿ ਹੁਣ ਤਕ ਕੀਟਨਾਸ਼ਕ ਦੇ 20 ਨਮੂਨੇ, ਖਾਦ ਦੇ 20 ਤੇ ਬੀਜਾਂ ਦੇ 77 ਨਮੂਨੇ ਇੱਕਠੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਭਵਿੱਖ ਵਿਚ ਵੀ ਜਾਰੀ ਰਹੇਗੀ। ਅੱਜ ਟੀਮ ਨੇ ਧੰਨਤੋੜੀ ਤੇ ਖਰੀਂਡਵਾਂ ਪਿੰਡਾਂ ਦੀਆਂ ਦੁਕਾਨਾਂ ਤੋਂ ਸੱਤ ਨਮੂਨੇ ਲਏ ਹਨ। ਕੁਰੂਕਸ਼ੇਤਰ ਦੇ ਖੇਤੀ ਵਿਭਾਗ ਦੇ ਡਿਪਟੀ ਨਿਰਦੇਸ਼ਕ ਡਾ. ਕਰਮ ਚੰਦ ਦੇ ਆਦੇਸ਼ਾਂ ਅਨੁਸਾਰ ਭਵਿੱਖ ਵਿਚ ਵੀ ਦੁਕਾਨਦਾਰਾਂ ਦੀ ਅਚਨਚੇਤੀ ਜਾਂਚ ਕੀਤੀ ਜਾਵੇਗੀ। ਜੇ ਕਿਸੇ ਦੁਕਾਨਦਾਰ ਦੇ ਰਿਕਾਰਡ ਵਿੱਚ ਘਾਟ ਪਾਈ ਜਾਂਦੀ ਹੈ ਕਿਸਾਨ ਵੱਲੋਂ ਕੋਈ ਸ਼ਿਕਾਇਤ ਆਉਣ ’ਤੇ ਤੁਰੰਤ ਨਿਯਮਾਂ ਅਨੁਸਾਰ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਕਿਸਾਨ ਨੂੰ ਉੱਚ ਗੁਣਵੱਤਾ ਵਾਲੇ ਉਤਪਾਦ ਮਿਲ ਸਕਣ।