ਦਿੱਲੀ ਗੁਰਦੁਆਰਾ ਕਮੇਟੀ ਤੇ ਵਿਦਿਆ ਵਿਚਾਰੀ ਟਰੱਸਟ ਵਿਚਾਲੇ ਸਮਝੌਤਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਮਈ
ਦਿੱਲੀ ਵਿਚ ਪੰਥ ਦੀਆਂ ਸੰਸਥਾਵਾਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ (ਜੀਐਚਪੀਐੱਸ) ਦੇ ਹਾਲਾਤ ਨੂੰ ਹੋਰ ਸੁਧਾਰਣ ਦੀ ਦਿਸ਼ਾ ਵਿੱਚ ਇਤਿਹਾਸਕ ਕਦਮ ਚੁੱਕਦਿਆਂ ਕਮੇਟੀ ਨੇ ਵਿਦਿਆ ਵਿਚਾਰੀ ਟਰੱਸਟ ਨਾਲ ਸਮਝੌਤਾ (ਐੱਮਓਯੂ) ’ਤੇ ਹਸਤਾਖ਼ਰ ਕੀਤੇ ਹਨ। ਇਹ ਜਾਣਕਾਰੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਸਾਂਝੀ ਕੀਤੀ ਹੈ। ਇਥੇ ਵਿਦਿਆ ਵਿਚਾਰੀ ਟਰੱਸਟ ਦੇ ਅਹੁਦੇਦਾਰਾਂ ਨਾਲ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਕਾਲਕਾ ਤੇ ਕਾਹਲੋਂ ਨੇ ਦੱਸਿਆ ਕਿ ਕਮੇਟੀ ਵੱਲੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਸਿੱਖਿਆ ਤੇ ਸਹੂਲਤਾਂ ਨੂੰ ਹੋਰ ਵਧਾਉਣ ਦੇ ਇਰਾਦੇ ਨਾਲ ਇਸ ਐੱਮਓਯੂ ’ਤੇ ਹਸਤਾਖ਼ਰ ਕੀਤੇ ਗਏ ਹਨ। ਇਸ ਮੌਕੇ ਟਰੱਸਟ ਦੇ ਚੇਅਰਮੈਨ ਗੁਰਇਕਬਾਲ ਸਿੰਘ ਸਾਬਕਾ ਆਈਏਐੱਸ ਚੇਅਰਮੈਨ ਅਤੇ ਮਨਜੀਤ ਸਿੰਘ ਸੇਵਾਮੁਕਤ ਫੌਜੀ ਅਫਸਰ, ਸਰਬਜੋਤ ਸਿੰਘ ਸਿੱਖਿਆ ਸ਼ਾਸਤਰੀ, ਅਮਰਦੀਪ ਸਿੰਘ ਘਾਨਾ, ਸੁਖਬੀਰ ਸਿੰਘ ਸਿੱਖਿਆ ਸ਼ਾਸਤਰੀ, ਡਾ. ਪ੍ਰੀਤੀ ਆਹੂਜਾ ਸੀਏ ਤੇ ਵਿੱਤੀ ਸਲਾਹਕਾਰ, ਆਰਐੱਸ ਆਹੂਜਾ, ਚਰਨਜੀਤ ਸਿੰਘ ਸ਼ਾਹ ਅਤੇ ਆਈਐੱਸ ਬਖਸ਼ੀ ਐਡਵੋਕੇਟ ਨੇ ਦੱਸਿਆ ਕਿ ਸਾਨੂੰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀਆਂ ਤਿੰਨਾ ਸ਼ਾਖ਼ਾਵਾਂ ਤਿਲਕ ਨਗਰ, ਫ਼ਤਹਿ ਨਗਰ ਤੇ ਵਸੰਤ ਵਿਹਾਰ ਦਿੱਤੀਆਂ ਗਈਆਂ ਸਨ ਜਿਨ੍ਹਾਂ ਵਿੱਚ ਚਾਰ ਮਹੀਨੇ ਕੰਮ ਕੀਤਾ ਹੈ ਤੇ ਇਸ ਨਤੀਜੇ ’ਤੇ ਪਹੁੰਚੇ ਹਾਂ ਕਿ ਰਲ ਕੇ ਕੰਮ ਕਰਾਂਗੇ। ਇਸ ਤਹਿਤ ਸਕੂਲਾਂ ਦੀ ਇਮੇਜ ਬਿਲਡਅਪ ਅਤੇ ਅਧਿਆਪਕਾਂ ਦੀ ਸਿਖਲਾਈ ਵਿਚ ਸੁਧਾਰ ਬਹੁਤ ਜ਼ਰੂਰੀ ਹੈ। ਗੁਰਇਕਬਾਲ ਸਿੰਘ ਨੇ ਨਿਸ਼ਕਾਮ ਸੇਵਾ ਦਾ ਮੌਕਾ ਦੇਣ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ।