ਨਰਾਇਣਗੜ੍ਹ ’ਚ ਅਗਰਸੈਨ ਜੈਅੰਤੀ ਸਬੰਧੀ ਸਮਾਗਮ
ਅਗਰਵਾਲ ਧਰਮਸ਼ਾਲਾ ਨਾਰਾਇਣਗੜ੍ਹ ਵਿੱਚ ਅਗਰਵਾਲ ਵੈਸ਼ਅ ਸਭਾ ਨਾਰਾਇਣਗੜ੍ਹ ਵੱਲੋਂ ਅਗਰਸੈਨ ਜੈਅੰਤੀ ਸਬੰਧੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਹਰਿਆਣਾ ਰਾਜ ਬਾਲ ਭਲਾਈ ਪਰਿਸ਼ਦ ਦੇ ਮੀਤ ਪ੍ਰਧਾਨ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪਤਨੀ ਸੁਮਨ ਸੈਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਸਾਬਕਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਕੀਤੀ। ਸਾਬਕਾ ਵਿਧਾਇਕ ਡਾ. ਪਵਨ ਸੈਣੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਸਮਾਗਮ ਵਿੱਚ ਪਹੁੰਚਣ ’ਤੇ ਅਗਰਵਾਲ ਵੈਸ਼ਅ ਸਭਾ ਦੇ ਪ੍ਰਧਾਨ ਸੁਨੀਲ ਅਗਰਵਾਲ ਤੇ ਹੋਰਾਂ ਨੇ ਮੁੱਖ ਮਹਿਮਾਨ ਅਤੇ ਸਾਰੇ ਪਤਵੰਤਿਆਂ ਦਾ ਸ਼ਾਲ, ਯਾਦਗਾਰੀ ਚਿੰਨ੍ਹ ਅਤੇ ਗੁਲਦਸਤੇ ਭੇਟ ਕਰ ਕੇ ਨਿੱਘਾ ਸਵਾਗਤ ਕੀਤਾ। ਮੁੱਖ ਮਹਿਮਾਨ ਸੁਮਨ ਸੈਣੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਹਾਰਾਜਾ ਅਗਰਸੈਨ ਸਮਾਜਵਾਦ, ਉਦਾਰਤਾ ਅਤੇ ਸਹਿਯੋਗ ਦਾ ਪ੍ਰਤੀਕ ਸਨ। ਉਨ੍ਹਾਂ ਨੇ ਸਮੁੱਚੇ ਭਾਈਚਾਰੇ ਨੂੰ ਇਕਜੁੱਟ ਕਰਨ ਲਈ ਕੰਮ ਕੀਤਾ ਅਤੇ ਉਸ ਸਮੇਂ ਅਗਰਸੈਨ ਵੱਲੋਂ ਸ਼ੁਰੂ ਕੀਤੀ ਗਈ ‘ਇੱਕ ਇੱਟ, ਇੱਕ ਰੁਪਿਆ’ ਰੀਤ ਹਾਲੇ ਵੀ ਸਮਾਜਿਕ ਸਦਭਾਵਨਾ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਮਹਾਰਾਜਾ ਅਗਰਸੈਨ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਸਮਾਜ ਅਤੇ ਰਾਸ਼ਟਰ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ। ਇਹ ਮਾਣ ਵਾਲੀ ਗੱਲ ਹੈ ਕਿ ਅਗਰਵਾਲ ਭਾਈਚਾਰੇ ਨੇ ਮਹਾਰਾਜਾ ਅਗਰਸੈਨ ਦੇ ਆਦਰਸ਼ਾਂ ਨੂੰ ਲਗਾਤਾਰ ਅੱਗੇ ਵਧਾਇਆ ਹੈ। ਉਨ੍ਹਾਂ ਕਿਹਾ ਕਿ ਅਗਰਵਾਲ ਭਾਈਚਾਰਾ ਹਮੇਸ਼ਾ ਸਮਾਜ ਭਲਾਈ ਦੇ ਕੰਮਾਂ ਵਿੱਚ ਸਭ ਤੋਂ ਅੱਗੇ ਰਿਹਾ ਹੈ। ਸਾਬਕਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਹਰਿਆਣਾ ਵਿੱਚ ਮਹਾਰਾਜਾ ਅਗਰਸੈਨ ਜੈਅੰਤੀ ਅਧਿਕਾਰਤ ਤੌਰ ’ਤੇ ਮਨਾਈ ਗਈ ਹੈ। ਸਮਾਗਮ ਵਿੱਚ ਅਗਰਵਾਲ ਵੈਸ਼ਅ ਸਭਾ ਦੇ ਪ੍ਰਧਾਨ ਸੁਨੀਲ ਅਗਰਵਾਲ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮਹਾਰਾਜਾ ਅਗਰਸੈਨ ਦੇ ਆਦਰਸ਼ਾਂ ਨੂੰ ਜ਼ਿੰਦਾ ਰੱਖ ਕੇ, ਉਨ੍ਹਾਂ ਨੂੰ ਦੇਸ਼ ਅਤੇ ਸਮਾਜ ਦੀ ਭਲਾਈ ਲਈ ਕੰਮ ਕਰਦੇ ਰਹਿਣਾ ਚਾਹੀਦਾ ਹੈ। ਇਸ ਸਮਾਰੋਹ ਵਿੱਚ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਭਾਈਚਾਰੇ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਸਮਾਗਮ ਦੌਰਾਨ ਭਗਵਦ ਗੀਤਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ।