ਮੀਂਹ ਮਗਰੋਂ ਘੱਗਰ ਦਾ ਪਾਣੀ ਮੁੜ ਟੱਪਿਆ 20 ਫੁੱਟ ਤੋਂ ਪਾਰ
ਕੁਲਭੂਸ਼ਨ ਕੁਮਾਰ ਬਾਂਸਲ
ਪਹਾੜਾਂ ਅਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈਣ ਤੋਂ ਬਾਅਦ ਘੱਗਰ ਦੇ ਪਾਣੀ ਦਾ ਪੱਧਰ ਫਿਰ ਤੋਂ ਇਕ ਫੁੱਟ ਵਧ ਗਿਆ ਹੈ। ਇਸ ਕਾਰਨ ਲੋਕਾਂ ਵਿੱਚ ਸਹਿਮ ਹੈ। ਪਿਛਲੇ ਕਈ ਦਿਨਾਂ ਤੋਂ ਘੱਗਰ 21 ਫੁੱਟ ਚੜ੍ਹਨ ਤੋਂ ਬਾਅਦ ਉਸ ਦਾ ਪਾਣੀ ਲਗਾਤਾਰ ਉਤਰ ਗਿਆ ਸੀ ਅਤੇ ਬੀਤੇ ਕੱਲ੍ਹ 18 ਫੁੱਟ ਤੋਂ ਬਾਅਦ ਅੱਜ ਘੱਗਰ ਦੇ ਪਾਣੀ ਦਾ ਪੱਧਰ 20 ਫੁੱਟ ਤੋਂ ਪਾਰ ਕਰ ਗਿਆ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਚੰਡੀਗੜ੍ਹ ਅਤੇ ਪਹਾੜੀ ਇਲਾਕਿਆਂ ਵਿਚ ਮੀਂਹ ਪੈਣ ਤੋਂ ਬਾਅਦ ਉਸ ਦਾ ਪਾਣੀ 2 ਦਿਨਾਂ ਦੇ ਵਕਫੇ ਬਾਅਦ ਇੱਥੇ ਪੁੱਜਦਾ ਹੈ। ਇਹ ਪਾਣੀ ਅੱਜ ਇੱਥੇ ਵਧਣ ਨਾਲ ਘੱਗਰ ਦਾ ਪਾਣੀ 2 ਫੁੱਟ ਚੜ੍ਹ ਗਿਆ। ਬੁੱਧਵਾਰ ਨੂੰ ਪਹਾੜੀ ਇਲਾਕਿਆਂ ਵਿਚ ਮੀਂਹ ਪਿਆ। ਇਸ ਨਾਲ ਆਉਂਦੇ ਦਿਨਾਂ ਵਿਚ ਪਾਣੀ ਦਾ ਪੱਧਰ ਮੁੜ ਵਧਣ ਦੀ ਸੰਭਾਵਨਾ ਅਤੇ ਡਰ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਘੱਗਰ ਵਿਚ 25 ਫੁੱਟ ਪਾਣੀ ਵਧਣ ਤੋਂ ਬਾਅਦ ਇਸ ਦਾ ਪਾਣੀ ਤਬਾਹੀ ਮਚਾਉਂਦਾ ਹੈ। ਪਿਛਲੇ ਸਮੇਂ ਵਿਚ ਇਹ ਨਿਸ਼ਾਨ ਟੱਪਣ ਤੋਂ ਬਾਅਦ ਘੱਗਰ ਨੇ ਰਤੀਆ ਦੇ ਕਈ ਪਿੰਡਾਂ ਵਿਚ ਵੱਡੀ ਤਬਾਹੀ ਮਚਾਈ ਸੀ। ਇਸ ਨਾਲ ਖੇਤੀ ਅਤੇ ਪਸ਼ੂਆਂ ਦਾ ਨੁਕਸਾਨ ਹੋਣ ਤੋਂ ਇਲਾਵਾ ਕਈ ਘਰ ਵੀ ਪਾਣੀ ਵਿਚ ਰੁੜ੍ਹ ਗਏ ਸਨ। ਐੱਸਡੀਐੱਮ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਪ੍ਰਸ਼ਾਸ਼ਨ ਵੱਲੋਂ ਲਗਾਤਾਰ ਘੱਗਰ ਵਿਚ ਵਧਦੇ ਪਾਣੀ ’ਤੇ ਚੌਕਸੀ ਰੱਖੀ ਜਾ ਰਹੀ ਹੈ ਅਤੇ ਲੋਕ ਅਤੇ ਪ੍ਰਸ਼ਾਸ਼ਨ ਅਧਿਕਾਰੀ ਠੀਕਰੀ ਪਹਿਰਾ ਲਗਾ ਕੇ ਘੱਗਰ ਦੇ ਵਧਦੇ-ਘਟਦੇ ਪਾਣੀ ਤੇ ਨਿਗ੍ਹਾ ਰੱਖ ਰਹੇ ਹਨ ਪਰ ਪਹਾੜਾਂ ਵਿਚ ਲਗਾਤਾਰ ਪੈ ਰਹੇ ਮੀਂਹ ਨੇ ਲੋਕਾਂ ਦੇ ਸਾਹ ਸੁਕਾਏ ਹੋਏ ਹਨ। ਮੌਨਸੂਨ ਦੇ ਚੱਲਦੇ ਹਾਲੇ ਤੱਕ ਵੀ ਘੱਗਰ ਦੇ ਚੜ੍ਹਨ ਦਾ ਡਰ ਬਣਿਆ ਹੋਇਆ ਹੈ।
ਲੋਕਾਂ ਦਾ ਕਹਿਣਾ ਹੈ ਕਿ ਕਿਸੇ ਵੇਲੇ ਘੱਗਰ ਇਸ ਇਲਾਕੇ ਲਈ ਵਰਦਾਨ ਹੁੰਦਾ ਸੀ ਪਰ ਅੱਜ ਜਾਨ ਦਾ ਖੌਫ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੌਸਮ ਵਿਭਾਗ ਦੇ ਵਿਗਿਆਨੀਆਂ ਅਨੁਸਾਰ ਇੱਕਾ ਦੁੱਕਾ ਦਿਨ ਮੌਸਮ ਖੁਸ਼ਕ ਰਹਿਣ ਨਾਲ 13 ਸਤੰਬਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ 20 ਸਤੰਬਰ ਉਪਰੰਤ ਮੌਨਸੂਨ ਰਾਜਸਥਾਨ ਦੇ ਰਸਤੇ ਵਾਪਸ ਮੁੜੇਗਾ। ਉਨ੍ਹਾਂ ਕਿਹਾ ਕਿ ਉਦੋਂ ਤੱਕ ਪਹਾੜਾਂ ਵਿਚ ਪਏ ਮੀਂਹ ਨਾਲ ਘੱਗਰ ਦੇ ਚੜ੍ਹਨ ਦਾ ਖਤਰਾ ਬਰਕਰਾਰ ਹੈ ਅਤੇ ਲੋਕ ਸਹਿਮੇ ਹੋਏ ਹਨ।