ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਪ੍ਰਸ਼ਾਸਨ ਸਖ਼ਤ
ਐੱਸਡੀਐੱਮ ਅਭਿਨਵ ਸਿਵਾਚ ਨੇ ਕਿਹਾ ਕਿ ਪਿਹੋਵਾ ਵਿੱਚ ਸੜਕਾਂ ’ਤੇ ਨਾਜਾਇਜ਼ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਕਬਜ਼ੇ ਹਟਾਉਣ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਕਬਜ਼ੇ ਹਟਾਉਣ ਲਈ ਦੁਕਾਨਾਂ ਦੇ ਬਾਹਰ ਲੱਗੇ ਠੇਲੇ ਅਤੇ ਸਟਾਲਾਂ ਨੂੰ ਹਟਾਇਆ ਜਾ ਰਿਹਾ ਹੈ ਅਤੇ ਜਲਦੀ ਹੀ ਉਨ੍ਹਾਂ ਲਈ ਢੁਕਵੀਂ ਜਗ੍ਹਾ ਦੇਣ ਦਾ ਫੈਸਲਾ ਕੀਤਾ ਜਾਵੇਗਾ। ਉਹ ਅੱਜ ਆਪਣੇ ਦਫ਼ਤਰ ਵਿੱਚ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਅਤੇ ਦੁਕਾਨਦਾਰਾਂ ਦੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਐੱਸਡੀਐੱਮ ਨੇ ਨਗਰਪਾਲਿਕਾ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਇਹ ਯਕੀਨੀ ਬਣਾਉਣ ਕਿ ਮੁੱਖ ਚੌਕ ਤੋਂ ਮੁੱਖ ਬਾਜ਼ਾਰ ਤੱਕ ਸੜਕ ਦੇ ਦੋਵੇਂ ਪਾਸੇ ਥਰਮੋਕੋਲ ਪੇਂਟ ਦੀ ਚਿੱਟੀ ਪੱਟੀ ਲਗਾਈ ਜਾਵੇ ਤਾਂ ਜੋ ਦੁਕਾਨਦਾਰ ਆਪਣੀ ਦੁਕਾਨ ਦਾ ਸਾਮਾਨ ਉਸ ਚਿੱਟੀ ਪੱਟੀ ਤੋਂ ਪਾਰ ਨਾ ਰੱਖ ਸਕਣ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਜੇ ਕੋਈ ਵਾਹਨ ਸੜਕ ਦੇ ਵਿਚਕਾਰ ਖੜ੍ਹਾ ਪਾਇਆ ਜਾਂਦਾ ਹੈ, ਤਾਂ ਉਸ ਵਾਹਨ ਦਾ ਚਲਾਨ ਕੀਤਾ ਜਾਵੇਗਾ। ਉਨ੍ਹਾਂ ਨਗਰ ਪਾਲਿਕਾ ਦੇ ਅਧਿਕਾਰੀਆਂ ਨੂੰ ਦੁਕਾਨਦਾਰਾਂ ਨੂੰ ਦੁਕਾਨਾਂ ਦੇ ਉੱਪਰ ਲੱਗੇ ਨਿੱਜੀ ਕੰਪਨੀਆਂ ਦੇ ਇਸ਼ਤਿਹਾਰੀ ਬੋਰਡਾਂ ਨੂੰ ਜਲਦੀ ਤੋਂ ਜਲਦੀ ਹਟਾਉਣ ਲਈ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ। ਇਸ ਤੋਂ ਇਲਾਵਾ ਪਿਹੋਵਾ ਦੇ ਮੁੱਖ ਸਰਸਵਤੀ ਗੇਟ ’ਤੇ ਪੁਲਿਸ ਵਿਭਾਗ ਵੱਲੋਂ ਚੈੱਕ ਪੋਸਟ ਸਥਾਪਤ ਕੀਤੀ ਜਾਵੇਗੀ ਤਾਂ ਜੋ ਮੁੱਖ ਬਾਜ਼ਾਰ ਵਿੱਚ ਚਾਰ ਪਹੀਆ ਵਾਹਨ ਨਾ ਆਉਣ।