ਏ.ਸੀ.ਪੀ. ਦੀ ਥਾਰ ਦੇ ਸਟੰਟ ਨੇ ਲਈ ਪ੍ਰਾਪਰਟੀ ਡੀਲਰ ਦੀ ਜਾਨ
ਇੱਥੋਂ ਦੇ ਥਾਰ ਸਟੰਟ ਮੌਤ ਮਾਮਲੇ ਵਿੱਚ ਪੁਲੀਸ ਨੇ ਏ.ਸੀ.ਪੀ. ਦੇ ਪੁੱਤਰ ਸਮੇਤ ਚਾਰ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਐਤਵਾਰ ਦੇਰ ਰਾਤ ਫਰੀਦਾਬਾਦ ਵਿੱਚ ਸੈਕਟਰ 12 ਟਾਊਨ ਪਾਰਕ ਨੇੜੇ ਇੱਕ ਸਟੰਟ ਦੌਰਾਨ ਏ.ਸੀ.ਪੀ. ਸਰਾਏ ਰਾਜੇਸ਼ ਲੋਹਾਨ ਦੀ ਥਾਰ ਐੱਸ.ਯੂ.ਵੀ. ਨੇ ਇੱਕ ਪ੍ਰਾਪਰਟੀ ਡੀਲਰ ਨੂੰ ਕੁਚਲ ਦਿੱਤਾ ਸੀ। ਉਸ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ। ਪੁਲੀਸ ਨੇ ਦੱਸਿਆ ਕਿ ਸੈਂਟਰਲ ਥਾਣੇ ਵਿੱਚ ਇੱਕ ਅਣਪਛਾਤੇ ਕਾਰ ਚਾਲਕ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਕਾਰ ਏ.ਸੀ.ਪੀ. ਸਰਾਏ ਰਾਜੇਸ਼ ਕੁਮਾਰ ਲੋਹਾਨ ਦੇ ਨਾਂ ’ਤੇ ਰਜਿਸਟਰਡ ਹੈ। ਸ਼ਿਕਾਇਤਕਰਤਾ ਵਿੱਕੀ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਮਨੋਜ ਕੁਮਾਰ ਐਤਵਾਰ ਨੂੰ ਆਪਣੇ ਦੋਸਤਾਂ ਅਨਿਲ ਰਾਣਾ, ਪ੍ਰਵੇਸ਼, ਰਾਹੁਲ, ਅਮਨ, ਸ਼ਿਵਮ ਅਤੇ ਨਵਦੀਪ ਨਾਲ ਵ੍ਰਿੰਦਾਵਨ ਗਿਆ ਸੀ। ਵਾਪਸ ਆਉਂਦੇ ਸਮੇਂ, ਉਹ ਬਾਈਪਾਸ ਰੋਡ ’ਤੇ ਸੈਕਟਰ ਨੌਂ ਵਿੱਚ ਪ੍ਰਵੇਸ਼ ਦੀ ਦੁਕਾਨ ’ਤੇ ਰੁਕੇ। ਉੱਥੋਂ, ਨਵਦੀਪ ਅਤੇ ਅਮਨ ਆਪਣੀਆਂ ਸਾਈਕਲਾਂ ਲੈ ਕੇ ਡਿਵਾਈਡਿੰਗ ਰੋਡ ’ਤੇ ਧਰਮਾ ਢਾਬੇ ਵੱਲ ਖਾਣਾ ਲੈਣ ਗਏ, ਇਸੇ ਦੌਰਾਨ ਦੁਰਘਟਨਾ ਵਾਪਰੀ।