ਮੋਬਾਈਲ ਫੋਨ ਤੇ ਨਕਦੀ ਖੋਹਣ ਦੇ ਦੋਸ਼ ਹੇਠ ਮੁਲਜ਼ਮ ਗ੍ਰਿਫ਼ਤਾਰ
ਇੱਕ ਮੁਲਜ਼ਮ ਨੂੰ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਗ੍ਰਿਫ਼ਤਾਰ
Advertisement
ਮੋਬਾਈਲ ਫੋਨ ਅਤੇ ਨਕਦੀ ਖੋਹਣ ਦੇ ਮਾਮਲੇ ਵਿੱਚ ਰਤੀਆ ਸਿਟੀ ਪੁਲੀਸ ਨੇ ਇੱਕ ਹੋਰ ਸਹਿ-ਮੁਲਜ਼ਮ ਬਬਲੂ ਰਾਮ ਉਰਫ਼ ਨਿੰਦਰ ਪੁੱਤਰ ਕਾਲਾ ਰਾਮ ਵਾਸੀ ਸਹਿਨਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਤੋਂ ਇੱਕ ਮੋਬਾਈਲ ਫ਼ੋਨ ਬਰਾਮਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਰਤੀਆ ਸਿਟੀ ਪੁਲੀਸ ਸਟੇਸ਼ਨ ਦੇ ਇੰਚਾਰਜ ਸਬ-ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਬਿਨੈਕਾਰ ਅਨੀਤਾ ਗਰਗ ਪਤਨੀ ਸੁਨੀਲ ਕੁਮਾਰ ਜੋ ਕਿ ਗਲੀ ਨੰਬਰ 9, ਟਿੱਬਾ ਕਲੋਨੀ ਰਤੀਆ ਦੇ ਰਹਿਣ ਵਾਲੇ ਹਨ, ਨੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਇੱਕ ਜੈਨ ਮੰਦਰ ਵਿੱਚ ਪੂਜਾ ਕਰਕੇ ਵਾਪਸ ਆ ਰਹੀ ਸੀ, ਜਿਸ ਦੌਰਾਨ ਮੋਟਰਸਾਈਕਲ ’ਤੇ ਆਏ ਦੋ ਅਣਪਛਾਤੇ ਵਿਅਕਤੀ ਉਸ ਦਾ ਪਰਸ, ਜਿਸ ਵਿੱਚ ਮੋਬਾਈਲ ਫੋਨ ਤੇ 700-800 ਰੁਪਏ ਸਨ, ਖੋਹ ਕੇ ਲੈ ਗਏ। ਮੁਲਜ਼ਮਾਂ ਨੇ ਬਿਨੈਕਾਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਸ਼ਿਕਾਇਤ ਮਿਲਣ ’ਤੇ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮਾ ਵਿਰੁੱਧ ਕੇਸ ਦਰਜ ਕਰ ਲਿਆ। ਮੁਲਜ਼ਮ ਤੋਂ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ ਹੈ ਤੇ ਉਸ ਨੂੰ ਅਗਲੇਰੀ ਕਾਨੂੰਨੀ ਕਾਰਵਾਈ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਕਾਨੂੰਨ ਅਨੁਸਾਰ ਮਾਮਲੇ ਦੀ ਹੋਰ ਜਾਂਚ ਜਾਰੀ ਹੈ।
Advertisement
Advertisement
