ਚਲਦੇ ਟਰੱਕ ਨੂੰ ਅੱਗ ਲੱਗੀ
ਇਥੇ ਬੀਤੀ ਦੇਰ ਰਾਤ ਚੰਡੀਗੜ੍ਹ-ਹਿਸਾਰ ਰੋਡ ’ਤੇ ਜਾ ਰਹੇ ਇਕ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪਹੁੰਚੀ ਅਤੇ ਅੱਗ ’ਤੇ ਕਾਬੂ ਪਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਰਾਤ 11 ਵਜੇ ਦੇ ਕਰੀਬ ਚੰਡੀਗੜ੍ਹ-ਹਿਸਾਰ ਰੋਡ ’ਤੇ ਜਾ ਰਹੇ ਇਕ ਟਰੱਕ ਦੀ ਕੈਬਿਨ ਵਿੱਚ ਅਚਾਨਕ ਅੱਗ ਲੱਗ ਗਈ। ਡਰਾਈਵਰ ਨੇ ਟਰੱਕ ਸੜਕ ਦੇ ਇਕ ਪਾਸੇ ਲਾਇਆ ਅਤੇ ਕੈਬਿਨ ਵਿਚਲੇ ਸਾਰੇ ਸਵਿੱਚ ਕੱਟ ਦਿੱਤੇ ਤੇ ਖ਼ੁਦ ਬਾਹਰ ਛਾਲ ਮਾਰ ਦਿੱਤੀ। ਉਸ ਨੇ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕੀਤਾ, ਜਿਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਅੱਧੇ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਤਾਂ ਕਾਬੂ ਪਾ ਲਿਆ ਪਰ ਇਸ ਦੌਰਾਨ ਟਰੱਕ ਦਾ ਕੈਬਿਨ ਸੜ ਗਿਆ। ਟਰੱਕ ਨੂੰ ਅੱਗ ਲੱਗਣ ਦੇ ਕਾਰਨ ਦਾ ਖ਼ੁਲਾਸਾ ਨਹੀਂ ਹੋ ਸਕਿਆ। ਅੰਬਾਲਾ ਦੇ ਚੀਫ ਫਾਇਰ ਬ੍ਰਿਗੇਡ ਅਧਿਕਾਰੀ ਪੰਕਜ ਪਰਾਸ਼ਰ ਨੇ ਦੱਸਿਆ ਕਿ ਪਹਿਲੀ ਨਜ਼ਰੇ ਟਰੱਕ ਨੂੰ ਅੱਗ ਲੱਗਣ ਦਾ ਮਾਮਲਾ ਟਰੱਕ ਵਿਚਲੀ ਵਾਇਰਿੰਗ ਦੇ ਸ਼ਾਰਟ ਸਰਕਟ ਦਾ ਲੱਗ ਰਿਹਾ ਹੈ।