ਸ਼ਰਾਬ ਦੀਆਂ 848 ਬੋਤਲਾਂ ਬਰਾਮਦ
ਜ਼ਿਲ੍ਹਾ ਪੁਲੀਸ ਨੇ ਨਾਜਾਇਜ਼ ਸ਼ਰਾਬ ਰੱਖਣ ਦੇ ਦੋਸ਼ ਹੇਠ ਸੰਦੀਪ ਕੁਮਾਰ ਵਾਸੀ ਬੰਜਾਰਾ ਬਸਤੀ ਦੇਵੀ ਦਾਸਪੁਰਾ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੇ ਕਬਜ਼ੇ ਵਿੱਚੋਂ 848 ਬੋਤਲਾਂ ਸ਼ਰਾਬ ਤੇ ਬੀਅਰ ਬਰਾਮਦ ਕੀਤੀ ਗਈ ਹੈ। ਵਧੀਕ ਪੁਲੀਸ ਕਪਤਾਨ ਪ੍ਰਤੀਕ ਗਹਿਲੋਤ ਨੇ ਦੱਸਿਆ ਕਿ ਪੁਲੀਸ ਨੇ ਜ਼ਿਲ੍ਹਾ ਕਪਤਾਨ ਨੀਤੀਸ਼ ਅਗਰਵਾਲ ਦੇ ਦਿਸ਼ਾ ਨਿਰਦੇਸ਼ ਮੁਤਾਬਿਕ ਅਪਰਾਧ ਸ਼ਾਖਾ ਦੋ ਦੇ ਐਸ ਆਈ ਮੋਹਨ ਲਾਲ ਦੀ ਅਗਵਾਈ ਵਿੱਚ ਪੁਲੀਸ ਟੀਮ ਦੇਵੀ ਦਾਸਪੁਰਾ ਕੋਲ ਮੌਜੂਦ ਸੀ। ਗੁਪਤ ਸੂਚਨਾ ਦੇ ਆਧਾਰ ’ਤੇ ਪੁਲੀਸ ਟੀਮ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਮੁਲਜ਼ਮ ਸੰਦੀਪ ਕੁਮਾਰ ਵਾਸੀ ਦੇਵੀਦਾਸ ਪੁਰਾ ਦੀ ਕਬਾੜ ਦੀ ਦੁਕਾਨ ਦੀ ਤਲਾਸ਼ੀ ਲਈ ਤਾਂ ਇਸ ਦੌਰਾਨ ਪੁਲੀਸ ਨੂੰ 848 ਬੋਤਲਾਂ ਨਾਜਾਇਜ਼ ਸ਼ਰਾਬ ਤੇ ਬੀਅਰ ਮਿਲੀ। ਮੁਲਜ਼ਮ ਖ਼ਿਲਾਫ਼ ਥਾਣਾ ਸਦਰ ਥਾਨੇਸਰ ਵਿੱਚ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਅਨੁਸਾਰ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਕ ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪਹਿਲਾਂ ਵੀ ਆਬਕਾਰੀ ਐਕਟ ਤਹਿਤ ਜ਼ਮਾਨਤ ’ਤੇ ਹੈ। ਜਾਂਚ ਦੌਰਾਨ ਮੁਲਜ਼ਮ ਦੀ ਦੁਕਾਨ ਤੋਂ 202 ਬੋਤਲ ਅੰਗਰੇਜ਼ੀ, 514 ਬੋਤਲ ਦੇਸੀ ਤੇ 132 ਬੋਤਲ ਬੀਅਰ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
