ਅਮਰੀਕਾ ਤੋਂ 54 ਹਰਿਆਣਵੀ ਨੌਜਵਾਨ ਡਿਪੋਰਟ; ਗਰਮੀ ’ਚ ਹੀਟਰ ਤੇ ਸਰਦੀ ’ਚ ਏਸੀ ਚਲਾ ਕੇ ਦਿੱਤੇ ਤਸੀਹੇ
ਮੈਕਸਿਕੋ ਰਸਤੇ ਅਮਰੀਕਾ ’ਚ ਗੈਰਕਾਨੂੰਨੀ ਤਰੀਕੇ ਨਾਲ ਹੋਏ ਸੀ ਦਾਖ਼ਲ
Advertisement
ਹਰਿਆਣਾ ਦੇ 54 ਨੌਜਵਾਨਾਂ ਨੂੰ ਅਮਰੀਕਾ ਦੀ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਏਜੰਸੀ ਨੇ ਡਿਪੋਰਟ ਕੀਤਾ ਹੈ। ਇਹ ਸਾਰੇ ਨੌਜਵਾਨ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ’ਚ ਦਾਖ਼ਲ ਹੋਏ ਸਨ ਅਤੇ ਇਨ੍ਹਾਂ ਨੂੰ ਕਈ ਮਹੀਨੇ ਤੱਕ ਉਥੋਂ ਦੇ ਡਿਟੈਨਸ਼ਨ ਸੈਂਟਰਾਂ ਵਿਚ ਰੱਖਿਆ ਗਿਆ।ਇਨ੍ਹਾਂ ਨੌਜਵਾਨਾਂ ਨੇ ਵਤਨ ਵਾਪਸੀ ’ਤੇ ਦੱਸਿਆ ਕਿ ਅਮਰੀਕਾ ਵਿਚ ਉਨ੍ਹਾਂ ਉੱਤੇ ਤਸ਼ੱਦਦ ਤੇ ਅਤਿਆਚਾਰ ਕੀਤਾ ਗਿਆ। ਗਰਮੀ ਸਮੇਂ ਹੀਟਰ ਤੇ ਸਰਦੀ ਵਿੱਚ ਏ.ਸੀ. ਚਲਾਉਣ ਨਾਲ ਉਨ੍ਹਾਂ ਨੂੰ ਟਾਰਚਰ ਕੀਤਾ ਜਾਂਦਾ ਸੀ। ਖਾਣ-ਪੀਣ ਦੀ ਘਾਟ ਤੇ ਬੇਹੱਦ ਸਖ਼ਤ ਸੁਰੱਖਿਆ ਨਿਯਮਾਂ ਨੇ ਉਨ੍ਹਾਂ ਦੀ ਹਾਲਤ ਖ਼ਰਾਬ ਕਰ ਦਿੱਤੀ।
ਇਨ੍ਹਾਂ ਡਿਪੋਰਟ ਹੋਏ ਨੌਜਵਾਨਾਂ ਵਿਚ ਸਭ ਤੋਂ ਵੱਧ ਕਰਨਾਲ ਦੇ 16, ਕੈਥਲ ਦੇ 14, ਅੰਬਾਲਾ ਤੇ ਕੁਰੂਕਸ਼ੇਤਰ ਦੇ 5-5, ਜੀਂਦ ਦੇ 4, ਫਤਿਹਾਬਾਦ ਦੇ 3 ਜਦਕਿ ਰੋਹਤਕ, ਹਿਸਾਰ ਅਤੇ ਪਲਵਲ ਦੇ ਕੁਝ ਨੌਜਵਾਨ ਸ਼ਾਮਲ ਹਨ।
Advertisement
ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੈਕਸਿਕੋ ਰਾਹੀਂ ਅਮਰੀਕਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ, ‘‘ਡਿਟੈਨਸ਼ਨ ਸੈਂਟਰਾਂ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ। 14 ਮਹੀਨੇ ਤੱਕ ਅਸੀਂ ਬਿਨਾ ਕਿਸੇ ਗੁਨਾਹ ਦੇ ਬੰਦ ਰਹੇ।’’ ਹੁਣ ਇਹ ਸਾਰੇ ਨੌਜਵਾਨ ਆਪਣੀ ਜ਼ਿੰਦਗੀ ਨੂੰ ਮੁੜ ਲੀਹ ’ਤੇ ਲਿਆਉਣ ਦੀ ਉਮੀਦ ਕਰ ਰਹੇ ਹਨ ਤੇ ਸਰਕਾਰ ਤੋਂ ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਦੇ ਮੌਕੇ ਦੀ ਮੰਗ ਕਰ ਰਹੇ ਹਨ।
Advertisement
