ਸਾਲ ’ਚ 432 ਵਾਹਨ ਤੇ 8 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ
ਫਰੀਦਾਬਾਦ ਪੁਲੀਸ ਨੇ ਜਾਇਦਾਦ ਅਪਰਾਧਾਂ ਜਿਵੇਂ ਵਾਹਨ ਚੋਰੀ, ਚੋਰੀ, ਡਕੈਤੀ ਅਤੇ ਲੁੱਟ-ਖੋਹ ਦੇ ਮਾਮਲਿਆਂ ਵਿੱਚ 1,250 ਤੋਂ ਵੱਧ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 432 ਵਾਹਨ ਅਤੇ 8 ਕਰੋੜ ਤੋਂ ਵੱਧ ਦੀ ਜਾਇਦਾਦ ਬਰਾਮਦ ਕੀਤੀ ਹੈ। ਫਰੀਦਾਬਾਦ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ 2025 ਵਿੱਚ ਜਾਇਦਾਦ ਅਪਰਾਧਾਂ ਵਿੱਚ ਪੰਜ ਫ਼ੀਸਦ ਦੀ ਕਮੀ ਆਈ ਹੈ।
ਪੁਲੀਸ ਬੁਲਾਰੇ ਨੇ ਦੱਸਿਆ ਕਿ 2025 ਵਿੱਚ ਵਾਹਨ ਚੋਰੀ ਦੇ 1,501 ਮਾਮਲੇ ਦਰਜ ਕੀਤੇ ਗਏ ਸਨ, ਜੋ ਕਿ 2024 ਦੇ ਮੁਕਾਬਲੇ 49 ਦੀ ਕਮੀ ਹੈ। ਇਸ ਖੇਤਰ ਵਿੱਚ ਫਰੀਦਾਬਾਦ ਪੁਲੀਸ ਨੇ ਕਾਰਵਾਈ ਕੀਤੀ, 573 ਵਾਹਨ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 418 ਚੋਰੀ ਕੀਤੇ ਵਾਹਨ ਬਰਾਮਦ ਕੀਤੇ। ਇਸੇ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ ਆਮ ਚੋਰੀ ਦੇ ਮਾਮਲਿਆਂ ਵਿੱਚ 11 ਮਾਮਲਿਆਂ ਦੀ ਕਮੀ ਆਈ ਹੈ। ਇਸ ਸਾਲ 528 ਮਾਮਲੇ ਦਰਜ ਕੀਤੇ ਗਏ ਅਤੇ 258 ਚੋਰਾਂ ਤੋਂ ਲਗਪਗ 1.80 ਕਰੋੜ ਦੀ ਜਾਇਦਾਦ ਬਰਾਮਦ ਕੀਤੀ ਗਈ। 2025 ਵਿੱਚ ਲੁੱਟ-ਖੋਹ ਦੇ 120 ਮਾਮਲੇ ਦਰਜ ਕੀਤੇ ਗਏ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 8 ਫੀਸਦ ਘੱਟ ਹੈ। ਫਰੀਦਾਬਾਦ ਪੁਲੀਸ ਨੇ 109 ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ 27 ਲੱਖ ਤੋਂ ਵੱਧ ਨਕਦੀ ਬਰਾਮਦ ਕੀਤੀ।
ਉਨ੍ਹਾਂ ਕਿਹਾ ਕਿ ਜਾਇਦਾਦ ਸਬੰਧੀ ਅਪਰਾਧ, ਚੋਰੀ ਦੇ ਇਸ ਸਾਲ 344 ਮਾਮਲੇ ਦਰਜ ਕੀਤੇ ਗਏ ਹਨ। ਪੁਲੀਸ ਨੇ 260 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਲਗਪਗ ਛੇ ਕਰੋੜ ਦੀ ਜਾਇਦਾਦ ਬਰਾਮਦ ਕੀਤੀ।
