ਨੌਕਰੀ ਦਾ ਝਾਂਸਾ ਦੇ ਕੇ 4 ਲੱਖ ਰੁਪਏ ਠੱਗੇ
ਇੱਥੋਂ ਦੀ ਪੁਲੀਸ ਨੇ ਸਰਕਾਰੀ ਸਰਕਾਰੀ ਨੌਕਰੀ ਦਿਵਾਉਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਰਾਜ ਕੁਮਾਰ ਉਰਫ ਰਾਜ ਸੋਲੰਕੀ ਨਿਵਾਸੀ ਕੰਵਲਗੜ੍ਹ ਵਜੋਂ ਹੋਈ ਹੈ। ਇਹ ਕਾਰਵਾਈ ਪੁਲੀਸ ਸੁਪਰਡੈਂਟ ਸਿਧਾਂਤ ਜੈਨ ਦੇ ਨਿਰਦੇਸ਼ਾਂ ’ਤੇ ਕੀਤੀ ਗਈ ਹੈ। ਪੁਲੀਸ ਸੁਪਰਡੈਂਟ ਨੇ ਪਹਿਲਾਂ ਹੀ ਪੁਲੀਸ ਮੁਲਾਜ਼ਮਾਂ ਨੂੰ ਅਪਰਾਧਾਂ ਵਿਰੁੱਧ ਤੇਜ਼ ਅਤੇ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹੋਏ ਹਨ। ਸਬ ਇੰਸਪੈਕਟਰ ਰਣਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਗਿਆਪਾਲ ਨਿਵਾਸੀ ਪਿੰਡ ਧਨੂਰ ਤਹਿਸੀਲ ਰਾਣੀਆ ਜ਼ਿਲ੍ਹਾ ਸਿਰਸਾ ਨੇ ਸ਼ਿਕਾਇਤ ਕੀਤੀ ਸੀ ਕਿ ਕਥਿਤ ਦੋਸ਼ੀ ਨੇ ਉਸ ਦੇ ਭਰਾ ਅਜੈ ਤੋਂ ਸਰਕਾਰੀ ਨੌਕਰੀ ਦਿਵਾਉਣ ਦੇ ਨਾਂ ’ਤੇ 4 ਲੱਖ ਰੁਪਏ ਦੀ ਰਕਮ ਲਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਨੌਕਰੀ ਦੇ ਝਾਂਸੇ ਵਿੱਚ ਆ ਕੇ ਉਸ ਦੇ ਭਰਾ ਅਜੈ ਨੇ ਉਸ ਨੂੰ ਚਾਰ ਲੱਖ ਰੁਪਏ ਦੀ ਰਕਮ ਵੀ ਅਦਾ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਉਸ ਦੇ ਭਰਾ ਨੂੰ ਭਰੋਸਾ ਦਿਵਾਇਆ ਸੀ ਕਿ ਚਾਰ ਲੱਖ ਰੁਪਏ ਵਿੱਚ ਉਹ ਉਸ ਨੂੰ ਸਰਕਾਰੀ ਨੌਕਰੀ ’ਤੇ ਲਵਾ ਦੇਵੇਗਾ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਮੁਲਜ਼ਮ ਨੇ ਨਾ ਤਾਂ ਕੋਈ ਨੌਕਰੀ ਦਿਵਾਈ ਅਤੇ ਨਾ ਹੀ ਦਿੱਤੇ ਹੋਏ ਪੈਸੇ ਵਾਪਸ ਕੀਤੇ। ਸ਼ਿਕਾਇਤ ਮਿਲਣ ’ਤੇ ਪੁਲੀਸ ਨੇ ਤੁਰੰਤ ਮਾਮਲਾ ਦਰਜ ਕੀਤਾ। ਤਕਨੀਕੀ ਸਬੂਤਾਂ ਅਤੇ ਗੁਪਤ ਜਾਣਕਾਰੀ ਦੇ ਆਧਾਰ ’ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਫਿਲਹਾਲ ਮਾਮਲੇ ਦੀ ਡੂੰਘਾਈ ਨਾਲ ਜਾਂਚ ਚੱਲ ਰਹੀ ਹੈ।